ਸਿੱਖ ਕੌਮ ਨੂੰ ਬਹੁਤ ਸਾਰੇ ਕੇਸਾਂ 'ਚ ਸੀ.ਬੀ.ਆਈ. ਨੇ ਦਿਵਾਇਆ ਇਨਸਾਫ਼- ਕਰਨੈਲ ਸਿੰਘ ਪੀਰ ਮੁਹੰਮਦ

ਮੱਖੂ, 4 ਅਗਸਤ (ਵਰਿੰਦਰ ਮਨਚੰਦਾ)-ਸੀ.ਬੀ.ਆਈ. ਦੀ ਮੁਹਾਲੀ ਸਥਿਤ ਵਿਸ਼ੇਸ਼ ਅਦਾਲਤ ਵਲੋਂ ਸੇਵਾ-ਮੁਕਤ ਐੱਸ.ਐੱਸ.ਪੀ. ਭੁਪਿੰਦਰ ਸਿੰਘ, ਤਤਕਾਲੀ ਇੰਸਪੈਕਟਰ ਰਘੁਬੀਰ ਸਿੰਘ, ਤਤਕਾਲੀ ਇੰਸਪੈਕਟਰ ਸੂਬਾ ਸਿੰਘ, ਏ.ਐੱਸ.ਆਈ. ਦੇਵਿੰਦਰ ਸਿੰਘ ਅਤੇ ਏ.ਐੱਸ.ਆਈ. ਗੁਲਬਰਗ ਸਿੰਘ ਜਿਨ੍ਹਾਂ ਨੂੰ ਜੂਨ 1993 ਵਿਚ ਝੂਠੇ ਪੁਲਿਸ ਮੁਕਾਬਲੇ ਵਿਚ 7 ਨੌਜਵਾਨਾਂ ਨੂੰ ਮਾਰਨ ਦੇ ਕੇਸ ’ਚ ਬੀਤੇ ਦਿਨੀਂ ਦੋਸ਼ੀ ਕਰਾਰ ਦਿੱਤਾ ਗਿਆ ਸੀ, ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ 17.5 ਲੱਖ ਜੁਰਮਾਨਾ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਵੇਗਾ।
ਇਸ ਫ਼ੈਸਲੇ ’ਤੇ ਤਸੱਲੀ ਪ੍ਰਗਟ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਭਾਵੇਂ ਬਹੁਤ ਦੇਰ ਨਾਲ ਇਨਸਾਫ਼ ਹੋਇਆ ਹੈ ਪਰ ਸੀ.ਬੀ.ਆਈ. ਦੀ ਭਰੋਸੇਯੋਗਤਾ ਨੂੰ ਵੀ ਹੋਰ ਬਲ ਮਿਲਿਆ ਹੈ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬੀਤੇ ਚਾਰ ਦਹਾਕਿਆਂ ਦੌਰਾਨ ਪੰਜਾਬ ਦੀ ਧਰਤੀ ’ਤੇ ਲਾਲਚਵੱਸ ਹੋ ਕੇ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੇ ਤਰੱਕੀਆਂ ਪ੍ਰਾਪਤ ਕਰਨ ਲਈ ਸਿੱਖ ਜਵਾਨੀ ਦੇ ਨਾਲ ਖੂਨ ਦੀ ਹੋਲੀ ਖੇਡੀ, ਜਿਸ ਦਾ ਹੁਣ ਜਾ ਕੇ ਇਨਸਾਫ਼ ਹੋ ਰਿਹਾ ਹੈ।