ਮੁੜ ਪੈਰੋਲ ’ਤੇ ਜੇਲ੍ਹ ’ਚੋਂ ਬਾਹਰ ਆਇਆ ਰਾਮ ਰਹੀਮ

ਰੋਹਤਕ, 5 ਅਗਸਤ- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ, ਜੋ ਕਿ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ, ਇਕ ਵਾਰ ਫਿਰ ਬਾਹਰ ਆ ਗਿਆ ਹੈ। ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਮੰਗਲਵਾਰ ਸਵੇਰੇ ਸਿਰਸਾ ਡੇਰੇ ਲਈ ਰਵਾਨਾ ਹੋਇਆ। ਉਹ 14ਵੀਂ ਵਾਰ ਪੈਰੋਲ ’ਤੇ ਬਾਹਰ ਆਇਆ ਹੈ। ਸਵੇਰੇ 7 ਵਜੇ ਹਨੀਪ੍ਰੀਤ, ਸਿਰਸਾ ਡੇਰੇ ਦੇ ਚੇਅਰਮੈਨ ਦਾਨ ਸਿੰਘ, ਡਾ. ਆਰ. ਕੇ. ਨੈਨ ਅਤੇ ਸ਼ਰਨਦੀਪ ਸਿੰਘ ਸੀਤੂ ਦੋ ਗੱਡੀਆਂ ਨਾਲ ਰੋਹਤਕ ਪਹੁੰਚੇ ਅਤੇ ਰਾਮ ਰਹੀਮ ਦੇ ਨਾਲ ਸਿਰਸਾ ਡੇਰੇ ਲਈ ਰਵਾਨਾ ਹੋਏ।
ਰਾਮ ਰਹੀਮ ਦਾ ਜਨਮਦਿਨ 15 ਅਗਸਤ ਨੂੰ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਡੇਰੇ ਵਿਚ ਰੱਖੜੀ ਤੋਂ ਬਾਅਦ ਜਨਮਦਿਨ ਮਨਾਇਆ ਜਾਵੇਗਾ। ਸਾਧਵੀ ਜਿਣਸੀ ਸ਼ੋਸ਼ਣ ਮਾਮਲੇ ਵਿਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਰਾਮ ਰਹੀਮ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ।
ਦੱਸ ਦੇਈਏ ਕਿ ਰਾਮ ਰਹੀਮ ਜਬਰ ਜਨਾਹ ਅਤੇ ਕਤਲ ਮਾਮਲੇ ਵਿਚ 20 ਸਾਲ ਦੀ ਕੈਦ ਕੱਟ ਰਿਹਾ ਹੈ। 25 ਅਗਸਤ 2017 ਨੂੰ ਰਾਮ ਰਹੀਮ ਨੂੰ 2 ਸਾਧਵੀਆਂ ਦੇ ਜਿਣਸੀ ਸ਼ੋਸ਼ਣ ਮਾਮਲੇ ਵਿਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ 17 ਜਨਵਰੀ 2019 ਨੂੰ, ਉਸ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਨਾਲ ਹੀ, ਅਕਤੂਬਰ 2021 ਵਿਚ, ਸੀ.ਬੀ.ਆਈ. ਅਦਾਲਤ ਨੇ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਮਾਮਲੇ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਸਜ਼ਾ ਮਿਲਣ ਤੋਂ ਤਿੰਨ ਸਾਲ ਬਾਅਦ, ਰਾਮ ਰਹੀਮ ਨੂੰ ਹਾਈ ਕੋਰਟ ਨੇ ਇਸ ਮਾਮਲੇ ਵਿਚ ਬਰੀ ਕਰ ਦਿੱਤਾ ਸੀ। ਇਸ ਸਮੇਂ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਉਹ ਹੁਣ ਤੱਕ 13 ਵਾਰ ਇਥੋਂ ਪੈਰੋਲ ਅਤੇ ਫਰਲੋ ਲੈ ਕੇ ਬਾਹਰ ਆ ਚੁੱਕਾ ਹੈ। ਇਹ 14ਵੀਂ ਵਾਰ ਹੈ, ਜਦੋਂ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਇਆ ਹੈ।