ਮੁੱਖ ਮੰਤਰੀ ਪੰਜਾਬ ਵਲੋਂ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਢਢੋਗਲ ਨੂੰ ਸ਼ਰਧਾ ਦੇ ਫੁੱਲ ਭੇਂਟ

ਅਮਰਗੜ੍ਹ (ਮਲੇਰਕੋਟਲਾ), 10 ਅਗਸਤ (ਜਤਿੰਦਰ ਮੰਨਵੀ,ਪਵਿੱਤਰ ਸਿੰਘ) - ਦੇਸ਼ ਦੀ ਆਜ਼ਾਦੀ ਖਾਤਰ ਆਪਣੇ ਪਿੰਡੇ 'ਤੇ ਘੋਰ-ਤਸ਼ੱਦਦ ਸਹਿ ਕੇ ਬਰਤਾਨਵੀ ਸਾਮਰਾਜ ਨੂੰ ਜੜੋਂ ਪੁੱਟਣ ਦਾ ਨਿਸ਼ਚਾ ਕਰ ਆਜ਼ਾਦੀ ਦੀ ਜੰਗ ਲੜਨ ਵਾਲੇ ਸਿਰਲੱਥ ਯੋਧੇ ਪਰਜਾ ਮੰਡਲ ਦੇ ਸ਼ਹੀਦ ਭਗਤ ਸਿੰਘ ਢਢੋਗਲ ਜੀ ਦੀ ਅਮਰਗੜ੍ਹ ਨੇੜ੍ਹਲੇ ਪਿੰਡ ਢਢੋਗਲ ਵਿਖੇ ਸ਼ਹੀਦੀ ਯਾਦਗਾਰ 'ਤੇ ਪਹੁੰਚ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ ਵੱਖ-ਵੱਖ ਸਿਆਸੀ ਸ਼ਖਸ਼ੀਅਤਾਂ ਵਲੋਂ ਸਰਧਾ ਦੇ ਫੁੱਲ ਭੇਂਟ ਕੀਤੇ ਗਏ।
ਉਪਰੰਤ ਮੁੱਖ ਮੰਤਰੀ ਵਲੋਂ ਧਾਂਦਰਾ ਤੋਂ ਅਮਰਗੜ੍ਹ ਸੜਕ ਦੀ ਮੁਰੰਮਤ ਅਤੇ ਢਢੋਗਲ ਤੋਂ ਸਮੁੰਦਗੜ੍ਹ ਛੰਨਾ ਸੜਕ ਨੂੰ 10 ਤੋਂ 18 ਫੁੱਟ ਚੌੜੀ ਕਰਨ ਨੂੰ ਲੈ ਕੇ ਨੀਹ ਪੱਥਰ ਰੱਖੇ ਗਏ, ਜਿਨ੍ਹਾਂ ਤੇ ਕਰੀਬ 17.21 ਕਰੋੜ ਰੁਪਏ ਦੀ ਲਾਗਤ ਆਵੇਗੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਨ੍ਹਾਂ ਸੜਕਾ ਦਾ ਨਾਮ ਸ਼ਹੀਦ ਭਗਤ ਸਿੰਘ ਢਢੋਗਲ ਮਾਰਗ ਰਖਿਆ ਜਾਵੇਗਾ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਸ਼ਹੀਦ ਭਗਤ ਸਿੰਘ ਨੇ ਭਾਰਤ ਨੂੰ ਅੰਗਰੇਜ਼ਾਂ ਦੇ ਜੂਲੇ ਹੇਠੋਂ ਕੱਢਣ ਲਈ ਪੰਜ ਸਾਲ ਦੀ ਕੈਦ ਕੱਟੀ ਅਤੇ 13 ਮਹੀਨੇ 13 ਦਿਨ ਦੀ ਅਣਕਿਆਸੀ ਸਖ਼ਤ ਕੈਦ ਭੁੱਖੇ ਰਹਿ ਕੇ ਨੰਗੇ ਧੜ ਜੇਲ੍ਹ ਅਧਿਕਾਰੀਆਂ ਦੀ ਮਨਮਾਨੀਆਂ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਆਪਣੇ ਦੇਸ਼ ਭਗਤ ਹੋਣ ਦਾ ਸਬੂਤ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਅਨੇਕਾਂ ਘਾਲਨਾਵਾਂ ਘਾਲੀਆਂ, ਜਿਸ ਦੀ ਬਦੌਲਤ ਅੰਗਰੇਜ਼ ਹਕੂਮਤ ਨੂੰ ਭਾਰਤ ਤੋਂ ਬਾਹਰ ਜਾਣਾ ਪਿਆ। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਵਾਂ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਮਨਾਉਣ ਜਾ ਰਹੀ ਹੈ, ਜਿਸ 'ਤੇ 55 ਕਰੋੜ ਰੁਪਏ ਤੋਂ ਵੱਧ ਖ਼ਰਚ ਆਵੇਗਾ ਤੇ ਇਹ ਸਮਾਗਮ ਸ੍ਰੀਨਗਰ ਤੋਂ ਦੇਸ਼ ਦੇ 108 ਕਰੀਬ ਪਿੰਡਾਂ ਚੋਂ ਹੁੰਦਾ ਹੋਇਆ ਚਾਂਦਨੀ ਚੌਂਕ ਸਮਾਪਤ ਹੋਵੇਗਾ।