JALANDHAR WEATHER

ਅਲਾਸਕਾ: ਟਰੰਪ ਤੇ ਪੁਤਿਨ ਵਿਚਾਲੇ ਹੋਈ ਕਰੀਬ 3 ਘੰਟੇ ਮੁਲਾਕਾਤ

ਜੂਨੋ, 16 ਅਗਸਤ- ਰੂਸੀ ਰਾਸ਼ਟਰਪਤੀ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਲਾਸਕਾ ਵਿਚ ਮੁਲਾਕਾਤ ਕੀਤੀ। ਉਨ੍ਹਾਂ ਨੇ ਯੂਕਰੇਨ ਯੁੱਧ ਨੂੰ ਖਤਮ ਕਰਨ ’ਤੇ ਲਗਭਗ 3 ਘੰਟੇ ਮੁਲਾਕਾਤ ਕੀਤੀ। ਇਸ ਤੋਂ ਬਾਅਦ, ਦੋਵਾਂ ਨੇਤਾਵਾਂ ਨੇ ਸਿਰਫ਼ 12 ਮਿੰਟ ਦੀ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।

ਪ੍ਰੈਸ ਕਾਨਫ਼ਰੰਸ ਦੌਰਾਨ, ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਡੀ ਮੁਲਾਕਾਤ ਬਹੁਤ ਸਕਾਰਾਤਮਕ ਰਹੀ। ਅਸੀਂ ਕਈ ਬਿੰਦੂਆਂ ’ਤੇ ਸਹਿਮਤ ਹੋਏ, ਪਰ ਕੋਈ ਸੌਦਾ ਨਹੀਂ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਸਮਝੌਤਾ ਉਦੋਂ ਹੀ ਕੀਤਾ ਜਾਵੇਗਾ ਜਦੋਂ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਇਸ ਪ੍ਰੈਸ ਕਾਨਫ਼ਰੰਸ ਵਿਚ, ਦੋਵਾਂ ਨੇਤਾਵਾਂ ਨੇ ਸ਼ਾਂਤੀ ਵੱਲ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਪ੍ਰੈਸ ਕਾਨਫਰੰਸ ਦੌਰਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਯੂਕਰੇਨ ਦੀ ਸਥਿਤੀ ਸਾਡੀ ਸੁਰੱਖਿਆ ਲਈ ਇਕ ਬੁਨਿਆਦੀ ਖ਼ਤਰਾ ਹੈ। ਇਸ ਦੇ ਨਾਲ ਹੀ, ਪੁਤਿਨ ਨੇ ਮੰਨਿਆ ਕਿ ਯੂਕਰੇਨ ਦੀ ਸੁਰੱਖਿਆ ਵੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਰਾਸ਼ਟਰਪਤੀ ਟਰੰਪ ਨੇ ਵੀ ਕਿਹਾ, ਯੂਕਰੇਨ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਅਤੇ ਅਸੀਂ ਇਸਦਾ ਸਵਾਗਤ ਕਰਨ ਲਈ ਤਿਆਰ ਹਾਂ। ਪਰ ਜੇਕਰ ਯੁੱਧ ਨੂੰ ਸਥਾਈ ਤੌਰ ’ਤੇ ਖਤਮ ਕਰਨਾ ਹੈ, ਤਾਂ ਟਕਰਾਅ ਦੇ ਮੂਲ ਕਾਰਨਾਂ ਨੂੰ ਦੂਰ ਕਰਨਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਕਿਹਾ ਹੈ ਕਿ ਰੂਸ ਦੀਆਂ ਜਾਇਜ਼ ਸੁਰੱਖਿਆ ਚਿੰਤਾਵਾਂ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਯੂਰਪ ਅਤੇ ਪੂਰੀ ਦੁਨੀਆ ਵਿਚ ਸੁਰੱਖਿਆ ਦਾ ਇਕ ਨਿਰਪੱਖ ਸੰਤੁਲਨ ਬਹਾਲ ਕੀਤਾ ਜਾਣਾ ਚਾਹੀਦਾ ਹੈ।

ਪ੍ਰੈਸ ਕਾਨਫਰੰਸ ਵਿਚ ਪੁਤਿਨ ਨੇ ਕਿਹਾ ਕਿ ਅੱਜ ਜਦੋਂ ਰਾਸ਼ਟਰਪਤੀ ਟਰੰਪ ਕਹਿੰਦੇ ਹਨ ਕਿ ਜੇਕਰ ਉਹ ਪਹਿਲਾਂ ਰਾਸ਼ਟਰਪਤੀ ਹੁੰਦੇ, ਤਾਂ ਇਹ ਯੁੱਧ ਕਦੇ ਸ਼ੁਰੂ ਨਹੀਂ ਹੁੰਦਾ, ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਮੈਨੂੰ ਇਹ ਵੀ ਯਕੀਨ ਹੈ ਕਿ ਅਜਿਹਾ ਨਹੀਂ ਹੁੰਦਾ।

ਇਸ ਪ੍ਰੈਸ ਕਾਨਫਰੰਸ ਦੌਰਾਨ, ਪੁਤਿਨ ਨੇ ਟਰੰਪ ਨੂੰ ਰੂਸ ਆਉਣ ਦਾ ਸੱਦਾ ਦੇਣ ਦਾ ਸੰਕੇਤ ਵੀ ਦਿੱਤਾ। ਇਹ ਉਦੋਂ ਹੋਇਆ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅੱਜ ਦੀ ਮੁਲਾਕਾਤ ਲਈ ਆਪਣੇ ਹਮਰੁਤਬਾ ਦਾ ਧੰਨਵਾਦ ਕੀਤਾ। ਇਸ ਦੌਰਾਨ, ਪੁਤਿਨ ਨੇ ਕਿਹਾ ਕਿ ਅਗਲੀ ਵਾਰ ਮਾਸਕੋ ਵਿਚ। ਇਸ ’ਤੇ, ਟਰੰਪ ਨੇ ਵੀ ਜਵਾਬ ਦਿੱਤਾ ਕਿ ਮੈਂ ਇਹ ਹੁੰਦਾ ਦੇਖ ਸਕਦਾ ਹਾਂ।

ਦੱਸ ਦੇਈਏ ਕਿ ਪੁਤਿਨ ਲਗਭਗ 10 ਸਾਲਾਂ ਬਾਅਦ ਅਮਰੀਕਾ ਪਹੁੰਚੇ ਤੇ ਇਥੇ ਉਨ੍ਹਾਂ ਦਾ ਸਵਾਗਤ ਬੀ-2 ਬੰਬਾਰ ਜਹਾਜ਼ ਨਾਲ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ