ਏ. ਆਈ. ਤਕਨੀਕ ਨਾਲ ਸਿੱਖੀ 'ਤੇ ਕੀਤੇ ਜਾ ਰਹੇ ਹਮਲੇ ਬਰਦਾਸ਼ਤਯੋਗ ਨਹੀਂ - ਭਾਈ ਲੌਂਗੋਵਾਲ

ਲੌਂਗੋਵਾਲ, 16 ਅਗਸਤ (ਵਿਨੋਦ, ਖੰਨਾ)-ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਏ. ਆਈ. (ਮਸਨੂਈ ਬੁੱਧੀ) ਤਕਨੀਕ ਨਾਲ ਪੂਰੀ ਦੁਨੀਆ ਲਈ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਅਤੇ ਸਿੱਖਾਂ ਦੀ ਆਸਥਾ ਦੇ ਸਿਰਮੌਰ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਸਵੀਰ ਨਾਲ ਛੇੜਛਾੜ ਦੀ ਸਖਤ ਨਿਖੇਧੀ ਕਰਦਿਆਂ ਇਸ ਵਰਤਾਰੇ 'ਤੇ ਤੁਰੰਤ ਨੱਥ ਪਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਏ. ਆਈ. ਤਕਨੀਕ ਨਾਲ ਜੋ ਨਿੱਤ ਦਿਨ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਉਹ ਨਾ-ਬਰਦਾਸ਼ਤਯੋਗ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਪੂਰੀ ਦੁਨੀਆ ਲਈ ਆਸਥਾ ਦਾ ਕੇਂਦਰ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਛੇੜਛਾੜ ਨਾ ਸਿਰਫ ਆਮ ਲੋਕਾਂ ਵਿਚ ਭਰਮ ਭੁਲੇਖੇ ਪੈਦਾ ਕਰਦੀ ਹੈ ਸਗੋਂ ਇਸ ਵਰਤਾਰੇ ਨਾਲ ਸਿੱਖ ਸੰਗਤ ਦੇ ਹਿਰਦੇ ਵੀ ਵਲੂੰਧਰੇ ਗਏ ਹਨ। ਇਸ ਤੋਂ ਇਲਾਵਾ ਭਾਰਤ ਦੇ ਮਹਾਨ ਅਰਥਸ਼ਾਸਤਰੀ ਡਾ. ਮਨਮੋਹਨ ਸਿੰਘ ਜੋ ਕਿ ਸਿੱਖ ਕੌਮ ਦੇ ਪ੍ਰਤੀਨਿਧ ਦਸਤਾਰਧਾਰੀ ਪ੍ਰਧਾਨ ਮੰਤਰੀ ਸਨ, ਉਨ੍ਹਾਂ ਦੀ ਤਸਵੀਰ ਨੂੰ ਵਿਗਾੜ ਕੇ ਪੇਸ਼ ਕਰਨਾ ਨਿੰਦਣਯੋਗ ਵਰਤਾਰਾ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਅਜਿਹੀ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਭਵਿੱਖ ਵਿਚ ਕੋਈ ਅਜਿਹਾ ਕਾਰਾ ਕਰਨ ਦੀ ਹਿੰਮਤ ਨਾ ਕਰ ਸਕੇ।