ਮਾਨਸਿਕ ਰੋਗੀਆਂ ਦੇ ਇਲਾਜ ਕਰਦੇ ‘ਪਵਿੱਤਰ ਬਾਬਾ’ ਦਾ ਨਸ਼ੇੜੀ ਭਤੀਜੇ ਨੇ ਕੀਤਾ ਕਤਲ

ਭਵਾਨੀਗੜ੍ਹ, (ਸੰਗਰੂਰ) 23 ਅਗਸਤ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਰਾਮਪੁਰਾ ਵਿਖੇ ਇਕ ਨੌਜਵਾਨ ਵਲੋਂ ਨਸ਼ੇ ਦੀ ਪੂਰਤੀ ਲਈ ਪੈਸੇ ਨਾ ਦੇਣ ’ਤੇ ਆਪਣੇ ਚਾਚੇ ਦਾ ਕਤਲ ਕਰ ਦੇਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਪਵਿੱਤਰ ਸਿੰਘ ਦਾ ਭਰਾ ਬਣ ਕੇ ਕਰੀਬ ਢਾਈ ਦਹਾਕਿਆਂ ਤੋਂ ਉਸ ਕੋਲ ਰਹਿੰਦੇ ਗੋਬਿੰਦਰ ਸਿੰਘ ਪੁੱਤਰ ਭੂਰਾ ਸਿੰਘ ਨੇ ਪੁਲਿਸ ਨੂੰ ਲਿਖ਼ਾਏ ਬਿਆਨਾਂ ਵਿਚ ਦੱਸਿਆ ਕਿ ਪਵਿੱਤਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਰਾਮਪੁਰਾ, ਜੋ ਦੋਨੋ ਲੱਤਾਂ ਤੋਂ ਅਪਾਹਜ ਸੀ, ਜਿਸ ਦੀਆਂ ਬਾਹਾਂ ਵੀ ਸਿਰ ਤੱਕ ਨਹੀਂ ਸਨ ਜਾਂਦੀਆਂ ਮਨੋਵਿਗਿਆਨਿਕ ਢੰਗ ਨਾਲ ਮਾਨਸਿਕ ਰੋਗੀਆਂ ਦਾ ਇਲਾਜ ਕਰਦਾ ਸੀ, ਦਾ ਭਤੀਜਾ ਜੋ ਕਥਿਤ ਤੌਰ ’ਤੇ ਨਸ਼ਾ ਕਰਦਾ ਸੀ ਤੇ ਨਸ਼ੇ ਦੀ ਪੂਰਤੀ ਲਈ ਪ
ਵਿੱਤਰ ਸਿੰਘ ਤੋਂ ਪੈਸੇ ਮੰਗਦਾ ਰਹਿੰਦਾ ਸੀ। ਲੰਘੇ ਦਿਨੀਂ ਉਹ ਪੈਸੇ ਲੈਣ ਆਇਆ ਤਾਂ ਉਸ ਨੇ ਪਵਿੱਤਰ ਸਿੰਘ ਨਾਲ ਝਗੜਾ ਕਰਦਿਆਂ ਉਸ ਦੇ ਸਿਰ ’ਤੇ ਲੋਹੇ ਦੀ ਚੀਜ਼ ਨਾਲ ਕਥਿਤ ਵਾਰ ਕਰਦਿਆਂ ਉਸ ਗੰਭੀਰ ਰੂਪ ਵਿਚ ਜਖ਼ਮੀ ਕਰਕੇ ਉਥੋਂ 3-4 ਮੋਬਾਈਲ ਅਤੇ ਨਕਦੀ ਲੈ ਕੇ ਮੌਕੇ ’ਤੋਂ ਫ਼ਰਾਰ ਹੋ ਗਿਆ।
ਉਨ੍ਹਾਂ ਦੱਸਿਆਂ ਕਿ ਉਨ੍ਹਾਂ ਪਵਿੱਤਰ ਸਿੰਘ ਨੂੰ ਸਥਾਨਕ ਹਸਪਤਾਲ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖ਼ਦਿਆਂ ਪਟਿਆਲਾ ਭੇਜ ਦਿੱਤਾ। ਇਲਾਜ ਦੌਰਾਨ ਪਵਿੱਤਰ ਸਿੰਘ ਦੀ ਮੌਤ ਹੋ ਗਈ। ਇਸ ਸੰਬੰਧੀ ਡੀ.ਐਸ.ਪੀ. ਰਾਹੁਲ ਕੌਸ਼ਲ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ’ਤੇ ਮਨਵੀਰ ਸਿੰਘ ਪੁੱਤਰ ਹਰਕੀਰਤ ਸਿੰਘ ’ਤੇ ਮਾਮਲਾ ਦਰਜ ਕਰਦਿਆਂ ਫ਼ਰਾਰ ਹੋਏ ਮਨਵੀਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਦੀ ਹਰ ਪੱਖ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਥੇ ਇਹ ਦੱਸਣਯੋਗ ਹੈ ਕਿ ਪਵਿੱਤਰ ਸਿੰਘ ਜੋ ਜਨਮ ਤੋਂ ਹੀ ਲੱਤਾਂ ਤੋਂ ਪੂਰੀ ਤਰ੍ਹਾਂ ਅਪਾਹਜ ਸੀ, ਪਰ ਮਾਨਸਿਕ ਤੌਰ ’ਤੇ ਮਜਬੂਤ ਹੋਣ ਕਰਕੇ ਉਹ ਸਟੀਰੀਓ ਅਤੇ ਡੈਕ ਆਪ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ, ਜਿਸ ਦੌਰਾਨ ਉਹ ‘ਬਾਬਾ ਡੈਕ’ ਫਰਮ ਬਣਾ ਕੇ ਵੱਡੇ ਪੱਧਰ ’ਤੇ ਕੰਮ ਕਰਦਿਆਂ ਪ੍ਰਸਿੱਧ ਹੁੰਦਿਆਂ ‘ਪਵਿੱਤਰ ਬਾਬਾ’ ਬਣ ਗਿਆ। ਉਨ੍ਹਾਂ ਡੈਕਾਂ ਦੇ ਕੰਮ ਦੇ ਨਾਲ ਹੋਰ ਇਲੈਕਟਰੀਕਲ ਦਾ ਕੰਮ ਕਰਨ ਦੇ ਨਾਲ-ਨਾਲ ਮਨੋਵਿਗਿਆਨਿਕ ਢੰਗ ਨਾਲ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੋਕਾਂ ਦਾ ਇਲਾਜ ਕਰਦਿਆਂ ਇੰਨਾਂ ਮਸ਼ਹੂਰ ਹੋ ਗਿਆ ਕਿ ਉਸ ਕੋਲ ਵੱਡੇ ਅਧਿਕਾਰੀ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਮਨੋਵਿਗਿਆਨਿਕ ਢੰਗ ਨਾਲ ਇਲਾਜ ਕਰਾਉਣ ਆਉਂਦੇ ਸਨ। ਇਸ ਦੌਰਾਨ ਉਹ ਕਈ ਦੇਸ਼ਾਂ ਵਿਚ ਇਲਾਜ ਕਰਨ ਲਈ ਗਿਆ। ਪਵਿੱਤਰ ਬਾਬਾ ਦੇ ਕਤਲ ਹੋਣ ਦਾ ਪਤਾ ਲਗਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।