ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਪੋਜੇਵਾਲ ਕਤਲ ਮਾਮਲੇ ਵਿਚ ਗੈਂਗਸਟਰ ਲੱਕੀ ਪਟਿਆਲ ਦੇ 2 ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ, 24 ਅਗਸਤ - ਜਲੰਧਰ ਕਾਊਂਟਰ ਇੰਟੈਲੀਜੈਂਸ ਅਤੇ ਐਸਬੀਐਸ ਨਗਰ ਪੁਲਿਸ ਨੇ ਇਕ ਸਾਂਝੇ ਆਪ੍ਰੇਸ਼ਨ ਵਿਚ ਮੁੰਬਈ ਤੋਂ ਗੈਂਗਸਟਰ ਲੱਕੀ ਪਟਿਆਲ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਸੰਬੰਧ ਵਿਚ ਟਵੀਟ ਕਰ ਦੀਜਾਣਕਾਰੀ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਰੋੜਮਾਜਾਰਾ ਅਤੇ ਜਸਕਰਨਦੀਪ ਸਿੰਘ ਉਰਫ਼ ਕਾਲੂ ਵਜੋਂ ਹੋਈ ਹੈ। ਦੋਵਾਂ 'ਤੇ ਹਾਲ ਹੀ ਵਿਚ ਐਸਬੀਐਸ ਨਗਰ ਦੇ ਪੋਜੇਵਾਲ ਕਸਬੇ ਵਿਚ ਇਕ ਵਿਅਕਤੀ ਦੀ ਹੱਤਿਆ ਕਰਨ ਦਾ ਦੋਸ਼ ਹੈ।
ਅਮਰੀਕਾ ਵਿਚ ਬੈਠੇ ਕੰਨੂ ਨਾਲ ਸਿੱਧਾ ਸੰਬੰਧ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੇ ਇਹ ਕਤਲ ਅਮਰੀਕਾ ਸਥਿਤ ਅਪਰਾਧੀ ਜਸਕਰਨ ਕੰਨੂ ਦੇ ਇਸ਼ਾਰੇ 'ਤੇ ਕੀਤਾ ਸੀ। ਪੁਲਿਸ ਅਨੁਸਾਰ ਇਹ ਘਟਨਾ ਹਾਲ ਹੀ ਵਿਚ ਹੋਈ ਦੁਸ਼ਮਣੀ ਕਾਰਨ ਹੋਈ ਸੀ। ਧਿਆਨ ਦੇਣ ਯੋਗ ਹੈ ਕਿ ਜਸਕਰਨ ਕੰਨੂ ਪੰਜਾਬ ਦੇ ਬਦਨਾਮ ਗੈਂਗਸਟਰ ਲੱਕੀ ਪਟਿਆਲ ਦਾ ਕਰੀਬੀ ਸਾਥੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਭਾਰਤੀ ਦੰਡਾਵਲੀ (ਬੀਐਨਐਸ) ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪੋਜੇਵਾਲ ਨਵਾਂਸ਼ਹਿਰ ਥਾਣੇ ਵਿਚ ਐਫਆਈਆਰ ਦਰਜ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।