ਦਰਿਆ ਬਿਆਸ ਦੇ ਪਾਣੀ ਵਿਚ ਵਾਧਾ ਜਾਰੀ , ਯੈਲੋ ਅਲਰਟ ਤੋਂ ਉੱਪਰ ਖ਼ਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਪਾਣੀ

ਢਿੱਲਵਾਂ (ਕਪੂਰਥਲਾ) , 24 ਅਗਸਤ (ਪ੍ਰਵੀਨ ਕੁਮਾਰ))- ਪਹਾੜੀ ਖੇਤਰਾਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਡੈਮਾਂ ਵਿਚਲੀਆਂ ਝੀਲਾਂ ਵਿਚ ਲਗਾਤਾਰ ਪਾਣੀ ਵਧਣ ਕਰਕੇ ਪੌਂਗ ਡੈਮ ਤੋਂ ਦਰਿਆ ਬਿਆਸ ਵਿਚ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ ਜਿਸ ਨਾਲ ਦਰਿਆ ਬਿਆਸ ਦੇ ਪਾਣੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਦਰਿਆ ਦਾ ਪਾਣੀ ਯੈਲੋ ਅਲਰਟ ਨੂੰ ਪਾਰ ਕਰਦਾ ਹੋਇਆ ਖ਼ਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਹੈ । ਦਰਿਆ ਬਿਆਸ 'ਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ਼ ਤੋਂ ਕਰਮਚਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਅੱਜ ਸ਼ਾਮ ਕਰੀਬ 7 ਵਜੇ 741.20 ਗੇਜ਼ ਤੇ 1 ਲੱਖ 40 ਹਜ਼ਾਰ 507 ਕਿਉਸਿਕ ਪਾਣੀ ਡਿਸਚਾਰਜ ਹੋ ਰਹਿ ਹੈ ਜੋ ਕਿ ਇਸ ਸੀਜ਼ਨ ਦਾ ਸਭ ਤੋਂ ਵੱਧ ਪਾਣੀ ਰਿਕਾਰਡ ਕੀਤਾ ਗਿਆ ਹੈ ।ਦਰਿਆ ਵਿਚ ਪਾਣੀ ਵਧਣ ਤੋਂ ਬਾਅਦ ਦਰਿਆ ਦੇ ਨਾਲ ਲੱਗਦੇ ਮੰਡ ਖੇਤਰ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਹੈ । ਦੱਸ ਦੇਈਏ ਕਿ ਦਰਿਆ ਦੇ ਨਾਲ ਲੱਗਦੇ ਮੰਡ ਖ਼ੇਤਰ ਦੀ ਹਜ਼ਾਰਾਂ ਏਕੜ ਜ਼ਮੀਨ ਪਿਛਲੇ ਲਗਭਗ 16 ਦਿਨਾਂ ਤੋਂ ਪਾਣੀ ਦੀ ਮਾਰ ਹੇਠ ਹੈ, ਇਸ ਤੋਂ ਪਹਿਲਾ ਕੁਝ ਦਿਨ ਪਾਣੀ ਘਟਣ ਤੇ ਮੰਡ ਖ਼ੇਤਰ ਦੇ ਕਿਸਾਨਾਂ ਨੂੰ ਉਮੀਦ ਸੀ ਕਿ ਫ਼ਸਲਾਂ ਦਾ ਕੁਝ ਬਚਾਅ ਹੋ ਜਾਵੇ ਪਰ ਦੁਬਾਰਾ ਪਾਣੀ ਵਧਣ ਨਾਲ ਉਨ੍ਹਾਂ ਦੀ ਉਮੀਦ ਟੁੱਟ ਚੁੱਕੀ ਹੈ। ਮੰਡ ਖੇਤਰ ਵਿਚ ਦਰਿਆ ਬਿਆਸ ਵਿਚਲੇ ਪਾਣੀ ਦੇ ਪੱਧਰ ਅਨੁਸਾਰ ਵਾਧਾ ਹੋ ਰਿਹਾ ਹੈ ।