ਨਵੇਂ ਸਲੇਮ ਸ਼ਾਹ ਵਿਚ ਸੇਮ ਨਾਲਾ ਟੁੱਟਿਆ

ਫ਼ਾਜ਼ਿਲਕਾ, 31 ਅਗਸਤ (ਬਲਜੀਤ ਸਿੰਘ )-ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਸੈਂਕੜੇ ਪਿੰਡ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਇਸ ਦੇ ਨਾਲ ਹੀ ਇਨ੍ਹਾਂ ਪਿੰਡਾਂ ਵਿਚ ਰਹਿਣ ਵਾਲੇ ਹਜ਼ਾਰਾਂ ਲੋਕ ਵੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਜੇਕਰ ਦਰਿਆਵਾਂ ਵਿਚ ਪਾਣੀ ਦੇ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਆਏ ਦਿਨ ਪਾਣੀ ਦਾ ਪੱਧਰ ਵੱਧ ਰਿਹਾ ਹੈ। ਪਾਣੀ ਦਾ ਪੱਧਰ ਵਧਣ ਕਰਕੇ ਜਿੱਥੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਕਰੀਬ 20 ਪਿੰਡ ਪਾਣੀ ਨਾਲ ਘਿਰੇ ਹੋਏ ਹਨ। ਉੱਥੇ ਹੀ ਅੱਜ ਸਵੇਰੇ ਫ਼ਾਜ਼ਿਲਕਾ ਦੇ ਵਿਚ ਪੈਂਦੇ ਪਿੰਡ ਨਵਾਂ ਸਲੇਮ ਸ਼ਾਹ ਦੇ ਵਿਚ ਸੇਮ ਨਾਲੇ ਦਾ ਬੰਨ੍ਹ ਟੁੱਟ ਗਿਆ। ਜਿਸ ਨਾਲ ਕਰੀਬ 100 ਏਕੜ ਤੋਂ ਵੱਧ ਝੋਨੇ ਦੇ ਖੇਤਾਂ ਦੇ ਵਿਚ ਪਾਣੀ ਭਰ ਗਿਆ।
ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਰਾਮ ਕ੍ਰਿਸ਼ਨ ਕੰਬੋਜ, ਸੁਖਚੈਨ ਸਿੰਘ, ਜਰਨੈਲ ਸਿੰਘ, ਬੰਤਾ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਹੀ ਡਰੇਨ ਵਿਭਾਗ ਨੂੰ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਇਤਲਾਹ ਕੀਤੀ ਜਾ ਚੁੱਕੀ ਹੈ। ਲੇਕਿਨ ਵਿਭਾਗ ਵਲੋਂ ਕੋਈ ਢੁਕਵਾਂ ਹੱਲ ਨਹੀਂ ਕੀਤਾ ਗਿਆ। ਅੱਜ ਸਵੇਰੇ ਪਾਣੀ ਦਾ ਪੱਧਰ ਵਧਣ ਕਾਰਨ ਉਹਨਾਂ ਦੇ ਪਿੰਡੋਂ ਲੰਘਦੇ ਸੇਮ ਨਾਲੇ ਦਾ ਬੰਨ੍ਹ ਟੁੱਟ ਗਿਆ। ਜਿਸ ਨਾਲ ਖੇਤਾਂ ਵਿਚ ਪਾਣੀ ਦਾਖ਼ਲ ਹੋ ਗਿਆ ਹੈ । ਲੇਕਿਨ ਪਿੰਡ ਵਾਲਿਆਂ ਵੱਲੋਂ ਇਕੱਠੇ ਹੋ ਕੇ ਆਪਣੇ ਟਰੈਕਟਰ ਟਰਾਲੀਆਂ ਅਤੇ ਹੋਰ ਸਾਧਨਾਂ ਦੀ ਮਦਦ ਦੇ ਨਾਲ ਬੰਨ੍ਹ ਉੱਪਰ ਗੱਟੇ ਅਤੇ ਮਿੱਟੀ ਲਗਾ ਕੇ ਇਸ ਨੂੰ ਰੋਕਿਆ ਗਿਆ। ਪਰ ਹੁਣ ਇਸ ਦੇ ਬਾਵਜੂਦ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਬੰਨ੍ਹ ਕਮਜ਼ੋਰ ਹੋਣ ਕਾਰਨ ਕਿਸੇ ਵਕਤ ਵੀ ਪਿੰਡ ਨਵੇਂ ਸਲੇਮ ਸ਼ਾਹ ਦੀ ਹਜ਼ਾਰਾਂ ਏਕੜ ਫਸਲ ਜਲ-ਥਲ ਹੋ ਜਾਵੇਗੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜਲਦੀ ਹੀ ਉਨ੍ਹਾਂ ਦੀ ਸਮੱਸਿਆ ਵੱਲ ਧਿਆਨ ਦੇਵੇ ਅਤੇ ਸਮਾਂ ਰਹਿੰਦਿਆਂ ਬੰਨ੍ਹ ਦੇ ਆਸ-ਪਾਸ ਮਿੱਟੀ ਲਗਾ ਕੇ ਇਸ ਨੂੰ ਮਜ਼ਬੂਤ ਕੀਤਾ ਜਾਵੇ।