ਸੁਖਬੀਰ ਸਿੰਘ ਬਾਦਲ ਨੇ ’ਲਹਿੰਦੇ’ ਤੇ ’ਚੜ੍ਹਦੇ’ ਪੰਜਾਬ ਦੇ ਲੋਕਾਂ ਦੀਆਂ ਮੁਸੀਬਤਾਂ ਦੇ ਖ਼ਾਤਮੇ ਲਈ ਰਲ ਕੇ ਕੀਤੀ ਅਰਦਾਸ

ਕਰਤਾਰਪੁਰ ਸਾਹਿਬ ਲਾਂਘਾ (ਗੁਰਦਾਸਪੁਰ), 31 ਅਗਸਤ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੰਗਤਾਂ ਨਾਲ ਰਲ ਕੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ’ਲਹਿੰਦੇ’ ਅਤੇ ’ਚੜ੍ਹਦੇ’ ਪੰਜਾਬ ਦੇ ਲੋਕ ਦੀਆਂ ਮੁਸ਼ਕਿਲਾਂ ਖ਼ਤਮ ਹੋਣ ਜੋ ਕਿ ਭਾਰੀ ਹੜ੍ਹਾਂ ਦੀ ਮਾਰ ਹੇਠ ਹਨ ਤੇ ਹੜ੍ਹਾਂ ਕਾਰਨ ਹਜ਼ਾਰਾਂ-ਲੱਖਾਂ ਲੋਕ ਪ੍ਰਭਾਵਤ ਹੋਏ ਹਨ।
ਇਹ ਅਰਦਾਸ ਜੋ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਵੇਸ਼ ਦੁਆਰ ’ਤੇ ਕੀਤੀ ਗਈ, ਵਿਚ ਅਕਾਲ ਪੁਰਖ ਅੱਗੇ ਇਹ ਵੀ ਬੇਨਤੀ ਜੋਧੜੀ ਕੀਤੀ ਗਈ ਕਿ ਭਾਰੀ ਮੀਂਹ ruk ਜਾਣ ਜਿਸ ਨਾਲ ਸਰਹੱਦ ਦੇ ਦੋਵੇਂ ਪਾਸੇ ਲੱਖਾਂ ਏਕੜ ਜ਼ਮੀਨ ਪਾਣੀ ਦੀ ਮਾਰ ਹੇਠ ਆਈ ਹੋਈ ਹੈ। ਉਹਨਾਂ ਨੇ ਅਕਾਲ ਪੁਰਖ ਅੱਗੇ ਇਹ ਵੀ ਅਰਦਾਸ ਕੀਤੀ ਕਿ ਉਹ ਪੰਜਾਬ ਦੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਦੀ ਵੀ ਬਖਸ਼ਿਸ਼ ਕਰਨ।
ਇਸ ਅਰਦਾਸ ਵਿਚ ਹੜ੍ਹ ਮਾਰੇ ਪਿੰਡਾਂ ਦੇ ਸੈਂਕੜੇ ਲੋਕ ਅਤੇ ਅਕਾਲੀ ਆਗੂ ਤੇ ਵਰਕਰ ਵੀ ਸ਼ਾਮਿਲ ਹੋਏ। ਸਰਦਾਰ ਬਾਦਲ ਨੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਵੀ ਕੀਤਾ ਜਿਸ ਨੇ ਪਹਿਲ ਦੇ ਆਧਾਰ ’ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸਫਾਈ ਕਰਵਾਈ ਜੋ ਕਿ ਹੜ੍ਹਾਂ ਦੇ ਪਾਣੀ ਵਿਚ ਘਿਰ ਗਿਆ ਸੀ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਜਾਵੇ ਤਾਂ ਜੋ ਪੰਜਾਬ ਤੇ ਹੋਰ ਭਾਗਾਂ ਤੋਂ ਸੰਗਤਾਂ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ ਅਤੇ ਗੁਰੂ ਘਰ ਦੀ ਸਫਾਈ ਦੀ ਸੇਵਾ ਵਿਚ ਭਾਗ ਲੈ ਸਕਣ।