ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਰਭਜਨ ਸਿੰਘ ਈ.ਟੀ.ਓ. ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਰਮਦਾਸ ਪੁੱਜੇ

ਅਜਨਾਲਾ, ਰਾਮਦਾਸ, ਗੱਗੋਮਾਹਲ, 31 ਅਗਸਤ (ਗੁਰਪ੍ਰੀਤ ਸਿੰਘ ਢਿੱਲੋ/ਜਸਵੰਤ ਸਿੰਘ ਵਾਹਲਾ, ਬਲਵਿੰਦਰ ਸਿੰਘ ਸੰਧੂ) - ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵਲੋਂ ਅਜਨਾਲਾ ਹਲਕੇ ਵਿਚ ਹੜ੍ਹ ਪੀੜਤਾਂ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਤੇ ਹਲਕਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਵੀ ਹਾਜ਼ਰ ਸਨ। ਕੈਬਨਿਟ ਮੰਤਰੀਆਂ ਨੇ ਰਮਦਾਸ ਤੋਂ ਅੱਗੇ ਘੋਹਨੇਵਾਲ ਪਿੰਡ ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਹੈ, ਦਾ ਦੌਰਾ ਕੀਤਾ। ਵਰ੍ਹਦੇ ਮੀਂਹ ਵਿਚ ਟਰੈਕਟਰ ਉੱਤੇ ਚੜ੍ਹ ਕੇ ਘੋਹਨੇਵਾਲ ਪੁੱਜੇ ਕੈਬਨਿਟ ਮੰਤਰੀ ਹਲਕੇ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਨੂੰ ਵੇਖ ਕੇ ਭਾਵੁਕ ਹੋ ਗਏ।
ਹਲਕਾ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਕੁਦਰਤ ਨੇ ਜੋ ਨੁਕਸਾਨ ਇਸ ਵਾਰ ਕਰ ਦਿੱਤਾ ਹੈ, ਉਹ ਬਹੁਤ ਵੱਡਾ ਹੈ, ਉਸ ਨੂੰ ਭਰਨਾ ਔਖਾ ਹੈ ਪਰ ਮੈਂ ਪੰਜਾਬ ਸਰਕਾਰ ਦੀ ਤਰਫੋਂ ਤੁਹਾਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਰੀ ਸਰਕਾਰ ਤੁਹਾਡੇ ਨਾਲ ਖੜੀ ਹੈ। ਅਸੀਂ ਤੁਹਾਡੇ ਹਰ ਦੁੱਖ ਵਿਚ ਸ਼ਰੀਕ ਹਾਂ ਅਤੇ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨਾਂ ਨੇ ਲੋਕਾਂ ਦੀ ਮੰਗ ਉੱਤੇ ਇਹ ਵੀ ਕਿਹਾ ਕਿ ਹੜ੍ਹਾਂ ਤੋਂ ਬਾਅਦ ਧੁੱਸੀ ਨੂੰ ਬੰਨ੍ਹਣ ਮੌਕੇ ਵਿਭਾਗ ਦੇ ਅਧਿਕਾਰੀ ਸਥਾਨਕ ਨਿਵਾਸੀਆਂ ਨਾਲ ਮਸ਼ਵਰਾ ਕਰਕੇ ਅਜਿਹੀ ਯੋਜਨਾ ਬਣਾਉਣਗੇ ਤਾਂ ਜੋ ਭਵਿੱਖ ਵਿਚ ਇਹ ਪਾਣੀ ਲੋਕਾਂ ਲਈ ਮੁਸੀਬਤ ਨਾ ਬਣੇ। ਉਨ੍ਹਾਂ ਕਿਹਾ ਕਿ ਇਕ ਅੰਦਾਜ਼ੇ ਅਨੁਸਾਰ ਹੁਣ ਤੱਕ 30 ਹਜ਼ਾਰ ਏਕੜ ਦੇ ਕਰੀਬ ਫ਼ਸਲ ਨੁਕਸਾਨੀ ਗਈ ਹੈ ਅਤੇ ਸੈਂਕੜੇ ਘਰ ਅਤੇ ਮਸ਼ੀਨਰੀ ਪਾਣੀ ਨਾਲ ਤਬਾਹ ਹੋਏ ਹਨ।