ਪੰਥਕ ਅਕਾਲੀ ਲਹਿਰ ਵਲੋਂ ਸ੍ਰੀ ਰਤਵਾੜਾ ਸਾਹਿਬ ਟਰੱਸਟ ਦੇ ਸਹਿਯੋਗ ਨਾਲ 17 ਟਰੱਕ ਰਾਹਤ ਸਮੱਗਰੀ ਵੰਡੀ

ਡੇਰਾ ਬਾਬਾ ਨਾਨਕ, 10 ਸਤੰਬਰ (ਹੀਰਾ ਸਿੰਘ ਮਾਂਗਟ)-ਪੰਥਕ ਅਕਾਲੀ ਲਹਿਰ ਵਲੋਂ ਸ੍ਰੀ ਰਤਵਾੜਾ ਸਾਹਿਬ ਟਰੱਸਟ ਦੇ ਸਹਿਯੋਗ ਨਾਲ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਰਾਹਤ ਸਮੱਗਰੀ ਵੰਡੀ ਗਈ। ਇਸ ਸਬੰਧੀ ਪੱਤਰਕਾਰਾਂ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਰਵੇਲ ਸਿੰਘ ਸਹਾਇਪੁਰੀ ਨੇ ਦੱਸਿਆ ਕਿ ਅੱਜ ਸ੍ਰੀ ਰਤਵਾੜਾ ਸਾਹਿਬ ਟਰੱਸਟ ਦੇ ਮੁੱਖ ਸੇਵਾਦਾਰ ਬਾਬਾ ਲਖਬੀਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਭਾਈ ਸੁਖਵਿੰਦਰ ਸਿੰਘ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ 16 ਟਰੱਕ ਰਾਹਤ ਸਮੱਗਰੀ ਲੈ ਕੇ ਡੇਰਾ ਬਾਬਾ ਨਾਨਕ ਦੇ ਪਿੰਡ ਠੇਠਰਕੇ ਵਿਖੇ ਪੁੱਜੇ ਹਨ ਜਿਥੇ ਉਨ੍ਹਾਂ ਵਲੋਂ ਪੰਥਕ ਅਕਾਲੀ ਲਹਿਰ ਦੇ ਸਹਿਯੋਗ ਨਾਲ ਇਹ ਰਾਹਤ ਸਮੱਗਰੀ ਪ੍ਰਭਾਵਿਤ ਪਿੰਡਾਂ ਵਿਚ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰਾਹਤ ਸਮੱਗਰੀ ਵਿਚ ਪਸ਼ੂਆਂ ਲਈ ਆਚਾਰ, ਤੂੜੀ, ਚੋਕਰ ਪਾਣੀ, ਤਰਪਾਲਾਂ, ਮੱਛਰਦਾਨੀਆਂ ਆਦਿ ਸਾਮਾਨ ਲਿਆਂਦਾ ਗਿਆ ਹੈ।