ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਦਾਲਤ 'ਚ ਹੋਏ ਭਾਵੁਕ

ਮਾਨਸਾ, 12 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਸਥਾਨਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਮਨਿੰਦਰਜੀਤ ਸਿੰਘ ਦੀ ਅਦਾਲਤ ’ਚ ਭਾਵੁਕ ਹੋ ਗਏ। ਉਹ ਮੂਸੇਵਾਲਾ ਹੱਤਿਆ ਮਾਮਲੇ ’ਚ ਗਵਾਹੀ ਦੇਣ ਲਈ ਆਏ ਸਨ। ਬਲਕੌਰ ਸਿੰਘ ਨੇ ਅਦਾਲਤ ਅੱਗੇ ਗੁਹਾਰ ਲਗਾਈ ਕਿ ਕਾਤਲਾਂ ਨੂੰ ਵੀਡੀਓ ਕਾਨਫਰੰਸਿੰਗ ਦੀ ਬਜਾਏ ਵਿਅਕਤੀਗਤ ਰੂਪ ’ਚ ਪੇਸ਼ ਕਰਵਾਇਆ ਜਾਵੇ। ਦੱਸਣਯੋਗ ਹੈ ਕਿ ਕਤਲ ਦੇ ਮੁੱਖ ਸਾਜ਼ਿਸ਼ਘਾੜੇ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਮੇਤ ਹੋਰਾਂ ਨੂੰ ਪਿਛਲੀਆਂ ਪੇਸ਼ੀਆਂ ਵਾਂਗ ਅੱਜ ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ। ਬਲਕੌਰ ਸਿੰਘ ਦਾ ਤਰਕ ਸੀ ਕਿ ਨਜ਼ਰ ਕਮਜ਼ੋਰ ਹੋਣ ਕਰਕੇ ਸਕਰੀਨ ’ਤੇ ਸਾਫ਼ ਨਹੀਂ ਵੇਖ ਸਕਦੇ ਅਤੇ ਉਹ ਪੁੱਤਰ ਦੇ ਕਾਤਲਾਂ ਨੂੰ ਅੱਖੀਂ ਵੇਖਣਾ ਚਾਹੁੰਦੇ ਹਨ। ਮਾਣਯੋਗ ਜੱਜ ਨੇ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਜਾਰੀ ਕਰਦਿਆਂ 26 ਸਤੰਬਰ ਦੀ ਅਗਲੀ ਪੇਸ਼ੀ ’ਤੇ ਸ਼ੂਟਰਾਂ ਨੂੰ ਸਰੀਰਕ ਰੂਪ ’ਚ ਪੇਸ਼ ਕਰਨ ਲਈ ਕਿਹਾ ਹੈ। ਕਾਬਿਲੇ ਗ਼ੌਰ ਰਹੇ ਕਿ ਕੇਸ ਗਵਾਹੀਆਂ ’ਤੇ ਲੱਗਿਆ ਹੋਇਆ ਹੈ ਜਦਕਿ ਇਸ ਤੋਂ ਪਹਿਲਾਂ ਗੁਰਵਿੰਦਰ ਸਿੰਘ ਮੂਸਾ ਤੇ ਗੁਰਪ੍ਰੀਤ ਸਿੰਘ ਮੂਸਾ ਦੀਆਂ ਗਵਾਹੀਆਂ ਹੋ ਚੁੱਕੀਆਂ ਹਨ। ਇਹ ਦੋਵੇਂ ਨੌਜਵਾਨ ਮੂਸੇਵਾਲਾ ’ਤੇ ਹੋਈ ਗੋਲੀਬਾਰੀ ਸਮੇਂ ਗੰਭੀਰ ਜ਼ਖ਼ਮੀ ਹੋ ਗਏ ਸਨ।