ਸੁਸ਼ੀਲਾ ਕਾਰਕੀ ਹੋਵੇਗੀ ਨੇਪਾਲ ਦੀ ਨਵੀਂ ਪ੍ਰਧਾਨ ਮੰਤਰੀ

ਨਵੀਂ ਦਿੱਲੀ-ਸੁਸ਼ੀਲਾ ਕਾਰਕੀ ਨੇਪਾਲ ਦੀ ਨਵੀਂ ਪ੍ਰਧਾਨ ਮੰਤਰੀ ਹੋਵੇਗੀ। ਨੇਪਾਲ ਦੀ ਸੰਸਦ ਵੀ ਭੰਗ ਕਰ ਦਿੱਤੀ ਗਈ ਹੈ। ਸੁਸ਼ੀਲਾ ਕਾਰਕੀ ਅੱਜ ਅੰਤਰਿਮ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਦੱਸ ਦਈਏ ਕਿ ਨੇਪਾਲ ਵਿਚ ਸੋਸ਼ਲ ਮੀਡੀਆ ਸਾਈਟਾਂ ਉਤੇ ਪਾਬੰਦੀ ਤੋਂ ਬਾਅਦ ਹਿੰਸਾ ਸ਼ੁਰੂ ਹੋ ਗਈ ਸੀ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਨੇ ਵੀ ਅਸਤੀਫਾ ਦੇ ਦਿੱਤਾ ਸੀ ਤੇ ਦੇਸ਼ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ ਸੀ। ਨੇਪਾਲ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ ਬਣੇਗੀ। ਉਨ੍ਹਾਂ ਦੇ ਨਾਮ 'ਤੇ ਸਹਿਮਤੀ ਬਣ ਗਈ ਹੈ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਨਾਮ ਬਾਰੇ ਚਰਚਾ ਚੱਲ ਰਹੀ ਸੀ। ਨੇਪਾਲ ਵਿਚ ਨੌਜਵਾਨ ਪੀੜ੍ਹੀ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪੈਦਾ ਹੋਏ ਰਾਜਨੀਤਿਕ ਸੰਕਟ ਦੇ ਵਿਚਕਾਰ ਸ਼ੁੱਕਰਵਾਰ ਨੂੰ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਨੂੰ ਅੰਤਰਿਮ ਸਰਕਾਰ ਦਾ ਮੁਖੀ ਬਣਾਉਣ ਦਾ ਫੈਸਲਾ ਕੀਤਾ ਗਿਆ। ਨੇਪਾਲ ਵਿਚ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਮੌਤਾਂ ਦੀ ਗਿਣਤੀ 51 ਹੋ ਗਈ ਹੈ ਜਿਨ੍ਹਾਂ ਵਿਚ ਤਿੰਨ ਪੁਲਿਸ ਅਧਿਕਾਰੀ ਅਤੇ ਇਕ ਭਾਰਤੀ ਔਰਤ ਸ਼ਾਮਿਲ ਹੈ।