JALANDHAR WEATHER

ਆਪਸੀ ਰੰਜਿਸ਼ ਤਹਿਤ ਘਰ 'ਤੇ ਚਲਾਈਆਂ ਗੋਲੀਆਂ, ਇਕ ਬਜ਼ੁਰਗ ਜ਼ਖਮੀ

ਕੋਟਫ਼ਤੂਹੀ (ਹੁਸ਼ਿਆਰਪੁਰ), 12 ਸਤੰਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਢਾਂਡਾ ਖ਼ੁਰਦ ਵਿਚ ਸ਼ਾਮ ਸਾਢੇ ਕੁ 6 ਵਜੇ ਦੇ ਕਰੀਬ ਇਕ ਘਰ ਅੰਦਰ ਬੈਠੇ ਪਰਿਵਾਰ ਉਤੇ 4 ਗੱਡੀਆਂ ਤੇ ਮੋਟਰਸਾਈਕਲਾਂ ਉੱਪਰ ਆਏ 2 ਦਰਜਨ ਤੋਂ ਵੱਧ ਨੌਜਵਾਨਾਂ ਨੇ ਲਗਭਗ 8 ਤੋਂ 10 ਦੇ ਕਰੀਬ ਗੋਲੀਆਂ ਚਲਾਈਆਂ ਜਿਨ੍ਹਾਂ ਵਿਚ ਇਕ ਗੋਲੀ 90 ਸਾਲਾ ਬਜ਼ੁਰਗ ਦੇ ਪੱਟ ਵਿਚ ਲੱਗੀ, ਜਿਸ ਨੂੰ ਸਰਕਾਰੀ ਹਸਪਤਾਲ ਮਾਹਿਲਪੁਰ ਵਿਖੇ ਦਾਖਿਲ ਕਰਵਾ ਦਿੱਤੇ ਜਾਣ ਦੀ ਖ਼ਬਰ ਹੈ। ਮੌਕੇ ਉਤੇ ਇਕੱਤਰ ਜਾਣਕਾਰੀ ਅਨੁਸਾਰ ਪਿੰਡ ਢਾਂਡਾ ਖ਼ੁਰਦ ਦੇ ਤਰਸੇਮ ਸਿੰਘ ਪੁੱਤਰ ਭਜਨ ਸਿੰਘ ਆਪਣੇ ਦੋਵੇਂ ਲੜਕਿਆ, ਪਤਨੀ ਉਨ੍ਹਾਂ ਦੇ ਦੋਸਤਾਂ ਨਾਲ ਘਰ ਵਿਚ ਬੈਠੇ ਸਨ ਤਾਂ ਅਚਾਨਕ ਉਨ੍ਹਾਂ ਦੇ ਘਰ ਅੱਗੇ ਚਾਰ ਗੱਡੀਆਂ ਤੇ ਮੋਟਰਸਾਈਕਲ ਆਏ ਤੇ ਰੁਕੇ ਤੇ ਜਿਨ੍ਹਾਂ ਵਿਚ ਦੋ ਦਰਜਨ ਤੋਂ ਵੱਧ ਨੌਜਵਾਨ ਸਵਾਰ ਸਨ, ਉਨ੍ਹਾਂ ਦੇ ਘਰ ਦੇ ਗੇਟ ਵਿਚ ਥਾਰ ਗੱਡੀ ਮਾਰ ਕੇ ਘਰ ਅੰਦਰ ਇੱਟਾਂ-ਰੋੜੇ ਚਲਾਏ ਤਾਂ ਉਨ੍ਹਾਂ ਵਲੋਂ ਘਰ ਅੰਦਰ ਕੈਮਰੇ, ਮੋਟਰਸਾਈਕਲ ਤੇ ਹੋਰ ਭੰਨ-ਤੋੜ ਕਰਕੇ ਘਰੋਂ ਬਾਹਰ ਜਾ ਕੇ ਲਗਭਗ 8 ਤੋਂ 10 ਦੇ ਕਰੀਬ ਗੋਲੀਆਂ ਚਲਾਈਆਂ। 90 ਸਾਲਾ ਬਜ਼ੁਰਗ ਦੀਦਾਰ ਸਿੰਘ ਦੇ ਪੱਟ ਵਿਚ ਇਕ ਗੋਲੀ ਲੱਗੀ, ਜਿਸ ਨੂੰ ਸਰਕਾਰੀ ਹਸਪਤਾਲ ਮਾਹਿਲਪੁਰ ਵਿਖੇ ਦਾਖਿਲ ਕਰਵਾ ਦਿੱਤਾ ਗਿਆ। ਲੋਕਾਂ ਅਨੁਸਾਰ ਇਹ ਘਟਨਾ ਆਪਸੀ ਰੰਜਿਸ਼ ਤਹਿਤ ਹੋਈ, ਜਿਸ ਤਹਿਤ ਇਹ ਬਾਹਰੋਂ ਆਏ ਨੌਜਵਾਨ ਰਾਜ਼ੀਨਾਮੇ ਦਾ ਕਹਿ ਕੇ ਇਥੇ ਆਏ ਤੇ ਇਹ ਸਾਰੀ ਘਟਨਾ ਲਗਭਗ ਚਾਰ ਪੰਜ ਮਿੰਟ ਵਿਚ ਹੀ ਵਾਪਰ ਗਈ, ਜਾਂਦੇ ਹੋਏ ਇਹ ਅਣਪਛਾਤੇ ਗੱਡੀਆਂ ਵਾਲੇ ਪਿੰਡੋਂ ਬਹੁਤ ਤੇਜ਼ੀ ਨਾਲ ਆਸ-ਪਾਸ ਪਿੰਡਾਂ ਵਿਚ ਦਹਿਸ਼ਤ ਫੈਲਾਉਂਦੇ ਗਏ। ਮੌਕੇ ਉਤੇ ਡੀ. ਐੱਸ. ਪੀ. ਜਸਪ੍ਰੀਤ ਸਿੰਘ ਗੜ੍ਹਸ਼ੰਕਰ, ਐੱਸ. ਐਚ. ਓ. ਜੈ. ਪਾਲ, ਅਡੀਸ਼ਨ ਐੱਸ. ਐੱਚ. ਓ. ਰਮਨਦੀਪ ਕੌਰ, ਏ. ਐੱਸ. ਆਈ. ਸੁਖਵਿੰਦਰ ਸਿੰਘ ਕੋਟਫ਼ਤੂਹੀ ਤੇ ਹੋਰ ਪੁਲਿਸ ਪਾਰਟੀ ਘਟਨਾ ਸਥਾਨ ਦਾ ਜਾਇਜ਼ਾ ਲੈ ਰਹੇ ਸਨ ਤੇ ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਘਟਨਾ ਨਾਲ ਸਬੰਧਿਤ ਦੋਸ਼ੀ ਕਾਬੂ ਕਰ ਲਏ ਜਾਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਪੁਲਿਸ ਗੁਰੇਜ਼ ਕਰਦੀ ਰਹੀ। ਪਰਿਵਾਰ ਵਲੋਂ ਘਟਨਾ ਵੇਲੇ ਪਛਾਣ ਕੀਤੇ ਹਮਲਾਵਰਾਂ ਦਾ ਪੁਲਿਸ ਨੂੰ ਵੇਰਵਾ ਦੇ ਦਿੱਤਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ