ਮਸ਼ਹੂਰ ਹਲਵਾਈ ਦੀ ਦੁਕਾਨ ਪੰਜਾਬ ਸਵੀਟਸ 'ਤੇ ਸਿਹਤ ਵਿਭਾਗ ਦਾ ਛਾਪਾ , ਨਕਲੀ ਪਨੀਰ ਬਰਾਮਦ

ਗੁਰੂਸਰ ਸੁਧਾਰ, 12 ਸਤੰਬਰ (ਜਗਪਾਲ ਸਿੰਘ ਸਿਵੀਆਂ): ਪਾਵਰ ਲਿਫਟਿੰਗ ਤੇ ਵੇਟ ਲਿਫਟਿੰਗ ਦੇ ਗੜ੍ਹ ਵਜੋਂ ਜਾਣੇ ਜਾਂਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੋਪਾਰਾਏ ਕਲਾਂ ਵਿਚ ਨਗਰ ਨਿਵਾਸੀਆਂ ਦੀ ਲਿਖਤੀ ਸ਼ਿਕਾਇਤ 'ਤੇ ਫੂਡ ਸੇਫਟੀ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਜ਼ਿਲ੍ਹਾ ਹੈਲਥ ਅਫਸਰ ਡਾ. ਅਮਰਜੀਤ ਕੌਰ ਦੇ ਨਿਰਦੇਸ਼ਾਂ ਅਧੀਨ ਫੂਡ ਸੇਫਟੀ ਅਫ਼ਸਰਾਂ ਡਾ. ਦਿਵਿਆ ਜੋਤ ਤੇ ਡਾ. ਜਤਿੰਦਰ ਵਿਰਕ ਵਾਲੀ ਟੀਮ ਨੇ ਸਥਾਨਕ ਪੰਜਾਬ ਸਵੀਟਸ ਹਲਵਾਈ ਦੁਕਾਨ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਦੁਕਾਨ ਦੀ ਛੱਤ ਤੋਂ ਵੱਡੀ ਮਾਤਰਾ ਵਿਚ ਨਕਲੀ ਪਨੀਰ, ਯੂਰੀਆ ਮਿਲਾਇਆ ਪਦਾਰਥ, ਐਕਸਪਾਇਰੀ ਹੋ ਚੁੱਕਾ ਸੁੱਕਾ ਦੁੱਧ ਤੇ ਸੜਿਆ ਤੇਲ ਬਰਾਮਦ ਹੋਇਆ, ਜਿਸ ਨਾਲ ਪੂਰਾ ਮਾਹੌਲ ਤਣਾਅਪੂਰਨ ਬਣ ਗਿਆ।
ਸਰਪੰਚ ਜਗਵਿੰਦਰ ਸਿੰਘ ਤੇ ਪਿੰਡ ਦੇ ਹੋਰਨਾਂ ਲੋਕਾਂ ਦੀ ਮੌਜੂਦਗੀ ਵਿਚ ਛਾਪੇ ਦੌਰਾਨ ਟੀਮ ਨੇ ਖੋਆ, ਜਲੇਬੀ, ਲੱਡੂ ਤੇ ਪਨੀਰ ਦੇ ਸੈਂਪਲ ਭਰੇ ਤੇ ਬਣਾਉਣ ਵਾਲੀ ਥਾਂ ਦੇ ਗੰਦਗੀ ਨੂੰ ਦੇਖਦਿਆਂ ਮੌਕੇ 'ਤੇ ਹੀ ਚਲਾਨ ਵੀ ਕੱਟਿਆ। 'ਅਜੀਤ' ਨਾਲ ਗੱਲਬਾਤ ਕਰਦਿਆਂ ਫੂਡ ਸੇਫਟੀ ਅਫ਼ਸਰ ਡਾ. ਦਿਵਿਆ ਜੋਤ ਨੇ ਕਿਹਾ ਕਿ ਛੱਤ 'ਤੇ ਮਿਲੇ ਪਨੀਰ ਤੇ ਹੋਰਨਾਂ ਪਦਾਰਥਾਂ ਦੇ ਸੈਂਪਲ ਲੈ ਕੇ ਲੈਬ ਭੇਜ ਦਿੱਤੇ ਗਏ ਹਨ। ਰਿਪੋਰਟ ਆਉਣ 'ਤੇ ਪੂਰਾ ਸੱਚ ਸਾਹਮਣੇ ਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਐਕਸਪਾਇਰੀ ਸਾਮਾਨ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ। ਡਾ. ਦੱਤਾ ਨੇ ਇਹ ਕਾਰਵਾਈ ਤਿਉਹਾਰਾਂ ਨੂੰ ਧਿਆਨ ਵਿਚ ਰੱਖ ਕੇ ਖ਼ੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਹੈ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਖ਼ੁਰਾਕੀ ਚੀਜ਼ ਬਾਰੇ ਤੁਰੰਤ ਸ਼ਿਕਾਇਤ ਕਰਨ। ਜ਼ਿਕਰਯੋਗ ਹੈ ਕਿ ਸੁਧਾਰ ਇਲਾਕੇ ਵਿਚ ਵੱਡੀ ਪੱਧਰ 'ਤੇ ਹਲਵਾਈ ਦੀਆਂ ਦੁਕਾਨਾਂ ਅਤੇ ਨਕਲੀ ਦੁੱਧ ਦਾ ਕਾਰੋਬਾਰ ਜ਼ੋਰਾਂ 'ਤੇ ਹੈ ਅਤੇ ਇਸ ਛਾਪੇ ਦੇ ਚੱਲਦਿਆਂ ਸੁਧਾਰ ਬਾਜ਼ਾਰ ਦੇ ਕਈ ਦੁਕਾਨਦਾਰਾਂ ਨੂੰ ਹੱਥਾਂ ਪੈਰਾਂ ਦੀ ਪਈ ਦਿਖਾਈ ਦਿੱਤੀ। ਇਸ ਮੌਕੇ ਪੰਜਾਬ ਸਵੀਟਸ ਦੇ ਮਾਲਕ ਹਿਮਾਂਸ਼ੂ ਨਾਲ ਫ਼ੋਨ 'ਤੇ ਗੱਲਬਾਤ ਕਰਨੀ ਚਾਹੀ ਪਰ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ।