ਦਰਿਆ ਬਿਆਸ ਵਿਚ ਪਾਣੀ ਦਾ ਪੱਧਰ 2 ਫੁੱਟ ਵਧਿਆ
ਕਪੂਰਥਲਾ, 13 ਸਤੰਬਰ (ਅਮਰਜੀਤ ਕੋਮਲ)-ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਮੁੜ ਲਗਾਤਾਰ ਵਧਣ ਕਾਰਨ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਢਿਲਵਾਂ ਗੇਜ ਤੋਂ ਰਿਕਾਰਡ ਕੀਤੇ ਗਏ ਪਾਣੀ ਦੀ ਸ਼ਾਮ 7 ਵਜੇ ਪ੍ਰਾਪਤ ਹੋਈ ਸੂਚਨਾ ਅਨੁਸਾਰ ਦਰਿਆ ਬਿਆਸ ਵਿਚ ਇਸ ਸਮੇਂ 1 ਲੱਖ 365 ਕਿਊਸਿਕ ਪਾਣੀ ਵਹਿ ਰਿਹਾ ਹੈ। ਅੱਜ ਸਵੇਰ ਦੇ ਸਮੇਂ ਦਰਿਆ ਵਿਚ ਪਾਣੀ ਦਾ ਵਹਾਅ 97823 ਕਿਊਸਿਕ ਸੀ। ਬੀਤੇ ਵੀਰਵਾਰ ਤੇ ਸ਼ੁੱਕਰਵਾਰ ਤੋਂ ਲੈ ਕੇ ਸ਼ਾਮ ਤੱਕ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ 2 ਫੁੱਟ ਵੱਧ ਗਿਆ ਹੈ, ਜਿਸ ਕਾਰਨ ਦਰਿਆ ਦੇ ਨੇੜਲੇ ਖੇਤਰਾਂ ਵਿਚ ਮੁੜ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਜ਼ਿਲ੍ਹੇ ਵਿਚ ਫ਼ਸਲਾਂ ਦੇ ਖ਼ਰਾਬੇ ਲਈ ਵਿਸ਼ੇਸ਼ ਗਿਰਦਾਵਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਦੇ ਕੁਝ ਪਿੰਡਾਂ ਵਿਚ ਅਜੇ ਵੀ ਪਾਣੀ ਦਾ ਪੱਧਰ ਵੱਧ ਹੋਣ ਕਾਰਨ ਇਥੇ ਗਿਰਦਾਵਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਪੌਂਗ ਡੈਮ ਵਿਚ ਸਵੇਰੇ 6 ਵਜੇ ਪਾਣੀ ਦਾ ਪੱਧਰ 1390.21 ਫੁੱਟ ਸੀ ਤੇ ਡੈਮ ਵਿਚ 55273 ਕਿਊਸਿਕ ਪਾਣੀ ਆ ਰਿਹਾ ਸੀ ਜਦਕਿ ਡੈਮ ਵਿਚੋਂ 49624 ਕਿਊਸਿਕ ਪਾਣੀ ਦਰਿਆ ਬਿਆਸ ਵਿਚ ਛੱਡਿਆ ਜਾ ਰਿਹਾ ਹੈ।