ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ. ਦੇ ਪੁੱਤਰ ਦੀ ਸੜਕ ਹਾਦਸੇ 'ਚ ਮੌਤ

ਜਲੰਧਰ, 13 ਸਤੰਬਰ (ਐੱਮ. ਐੱਸ. ਲੋਹੀਆ)-ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹਿੰਦਰ ਸਿੰਘ ਕੇ.ਪੀ. ਦੇ ਪੁੱਤਰ ਰਿੱਚੀ ਕੇ.ਪੀ. (36) ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ | ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਿੱਚੀ ਆਪਣੀ ਫਾਰਚੂਨਰ ਕਾਰ 'ਚ ਮਾਡਲ ਟਾਊਨ ਦੇ ਮਾਤਾ ਰਾਣੀ ਚੌਕ ਨੇੜੇ ਜਾ ਰਿਹਾ ਸੀ | ਮਿਲੀ ਜਾਣਕਾਰੀ ਅਨੁਸਾਰ ਇਕ ਤੇਜ਼ ਰਫ਼ਤਾਰ ਗੱਡੀ ਨੇ ਰਾਤ ਕਰੀਬ 10 ਵਜੇ ਰਿੱਚੀ ਦੀ ਗੱਡੀ ਸਮੇਤ 3 ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਵਾਹਨ ਚਾਲਕ ਗੱਡੀ ਭਜਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਹਾਦਸੇ ਦੌਰਾਨ ਰਿੱਚੀ ਦੇ ਸਿਰ ਅਤੇ ਸਰੀਰ 'ਤੇ ਗੰਭੀਰ ਸੱਟਾਂ ਲੱਗ ਗਈਆਂ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ | ਰਿੱਚੀ ਦੀ ਮੌਤ ਦੀ ਖ਼ਬਰ ਪਤਾ ਲਗਦੇ ਹੀ ਸ਼ਹਿਰ ਦੇ ਮੁਹਤਬਰ ਵਿਅਕਤੀ ਸ੍ਰੀ ਕੇ.ਪੀ. ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਪਹੁੰਚੇ | ਦੇਰ ਰਾਤ ਤੱਕ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ |