ਮੇਲਾ ਵੇਖਣ ਗਿਆ ਮੋਟਰਸਾਈਕਲ ਸਵਾਰ ਨੌਜਵਾਨ ਨਹਿਰ 'ਚ ਡਿੱਗਾ, ਮੌਤ

ਭਵਾਨੀਗੜ੍ਹ, (ਸੰਗਰੂਰ), 17 ਸਤੰਬਰ (ਲਖਵਿੰਦਰ ਪਾਲ ਗਰਗ)-ਅੱਜ ਬਾਅਦ ਦੁਪਹਿਰ ਪਿੰਡ ਨਦਾਮਪੁਰ ਵਿਖੇ ਆਪਣੇ ਦੋਸਤਾਂ ਨਾਲ ਮੇਲਾ ਵੇਖਣ ਆਏ ਇਕ ਨੌਜਵਾਨ ਦੀ ਮੋਟਰਸਾਈਕਲ ਸਮੇਤ ਨਹਿਰ ’ਚ ਡਿੱਗਣ ਨਾਲ ਮੌਤ ਹੋਣ ਦੀ ਖ਼ਬਰ ਹੈ। ਇਸ ਸਬੰਧੀ ਕਾਲਾਝਾੜ ਪੁਲਿਸ ਚੌਕੀ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਰੋਸ਼ਨ ਸਿੰਘ ਉਮਰ ਕਰੀਬ 18 ਸਾਲ ਪੁੱਤਰ ਗੁਰਪਿੰਦਰ ਸਿੰਘ ਵਾਸੀ ਪਿੰਡ ਬਖੋਪੀਰ ਆਪਣੇ ਦੋਸਤਾਂ ਨਾਲ ਪਿੰਡ ਨਦਾਮਪੁਰ ਵਿਖੇ ਲੱਗੇ ਮੇਲੇ ਨੂੰ ਵੇਖਣ ਲਈ ਆਇਆ ਸੀ ਤਾਂ ਇਹ ਨਹਿਰ ਕਿਨਾਰੇ ਜਦੋਂ ਆਪਣੇ ਮੋਟਰਸਾਈਕਲ ਨੂੰ ਪਿੱਛੇ ਕਰ ਰਿਹਾ ਸੀ ਤਾਂ ਅਚਾਨਕ ਇਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਨਹਿਰ ’ਚ ਡਿੱਗ ਗਿਆ, ਜਿਸ ਨੂੰ ਮੌਕੇ ’ਤੇ ਖੜ੍ਹੇ ਲੋਕਾਂ ਨੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਇਸ ਨੂੰ ਬਚਾਅ ਨਹੀਂ ਸਕੇ। ਰੋਸ਼ਨ ਸਿੰਘ ਦੀ ਨਹਿਰ ’ਚ ਡੁੱਬ ਜਾਣ ਕਾਰਨ ਮੌਤ ਹੋ ਗਈ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢ ਕੇ ਵਾਰਸਾਂ ਨੂੰ ਦੇ ਦਿੱਤੀ ਹੈ।