ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਭਾਈ ਰਾਮ ਸਿੰਘ ਦਾ ਦਿਹਾਂਤ

ਅੰਮ੍ਰਿਤਸਰ, 12 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ 74 ਸਾਲਾ ਭਾਈ ਰਾਮ ਸਿੰਘ ਕਈ ਮਹੀਨਿਆਂ ਤੋਂ ਕੈਂਸਰ ਰੋਗ ਤੋਂ ਪੀੜਤ ਹੋਣ ਕਾਰਨ ਜੇਰੇ ਇਲਾਜ ਸਨ। ਬੀਤੀ ਅੱਧੀ ਰਾਤ ਨੂੰ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਭਾਈ ਰਾਮ ਸਿੰਘ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਕਰੀਬੀ ਸਾਥੀ ਸਨ ਅਤੇ ਉਹ ਸਿਆਸਤ ਵਿਚ ਆਉਣ ਤੋਂ ਪਹਿਲਾਂ ਦਮਦਮੀ ਟਕਸਾਲ ਵਿਖੇ ਕੀਰਤਨ ਦੀ ਸੇਵਾ ਵੀ ਨਿਭਾਉਂਦੇ ਰਹੇ। ਭਾਈ ਸਾਹਿਬ ਦੇ ਪਰਿਵਾਰ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੀ ਵਿਦੇਸ਼ ਰਹਿੰਦੇ ਬੱਚਿਆਂ ਦੇ ਆਉਣ ਬਾਅਦ ਪਰਸੋਂ ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਈ ਰਾਮ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਸਦਸਵੀ ਵਿਛੋੜਾ ਦੇ ਜਾਣ ਨਾਲ ਸਿੱਖ ਪੰਥ ਨੂੰ ਵੱਡਾ ਘਾਟਾ ਪਿਆ ਹੈ।