ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਐਮ.ਕੇ. 1 ਏ ਨੇ ਭਰੀ ਪਹਿਲੀ ਉਡਾਣ

ਨਾਸਿਕ, 17 ਅਕਤੂਬਰ- ਭਾਰਤ ਦੇ ਸਵਦੇਸ਼ੀ ਲੜਾਕੂ ਜਹਾਜ਼, ਤੇਜਸ ਐਮ.ਕੇ. 1 ਏ ਨੇ ਅੱਜ ਆਪਣੀ ਪਹਿਲੀ ਉਡਾਣ ਭਰੀ। ਇਹ ਉਡਾਣ ਨਾਸਿਕ ਵਿਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਦੇ ਏਅਰਕ੍ਰਾਫਟ ਮੈਨੂਫੈਕਚਰਿੰਗ ਡਿਵੀਜ਼ਨ ਵਿਚ ਹੋਈ। ਇਹ ਭਾਰਤ ਦੇ ਲੜਾਕੂ ਜਹਾਜ਼ ਨਿਰਮਾਣ ਵਿਚ ਇਕ ਮਹੱਤਵਪੂਰਨ ਪਲ ਹੈ। ਇਸ ਇਤਿਹਾਸਕ ਪਲ ਨੂੰ ਦੇਖਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਇਸ ਸਮਾਗਮ ਵਿਚ ਮੌਜੂਦ ਸਨ। ਰਾਜਨਾਥ ਸਿੰਘ ਅੱਜ ਐਲ.ਸੀ.ਏ. ਐਮ ਕੇ ੧ ਏ ਦੀ ਤੀਜੀ ਉਤਪਾਦਨ ਲਾਈਨ ਅਤੇ ਐਚ.ਟੀ.ਟੀ. 40 ਜਹਾਜ਼ ਦੀ ਦੂਜੀ ਉਤਪਾਦਨ ਲਾਈਨ ਦਾ ਉਦਘਾਟਨ ਵੀ ਕਰਨਗੇ। ਇਸ ਮੌਕੇ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਨਾਸਿਕ ਇਕ ਇਤਿਹਾਸਕ ਧਰਤੀ ਹੈ, ਜਿਥੇ ਭਗਵਾਨ ਸ਼ਿਵ ਤ੍ਰਿੰਬਕ ਦੇ ਰੂਪ ਵਿਚ ਰਹਿੰਦੇ ਹਨ। ਨਾਸਿਕ ਵਿਸ਼ਵਾਸ, ਸ਼ਰਧਾ, ਸਵੈ-ਨਿਰਭਰਤਾ ਅਤੇ ਸਮਰੱਥਾ ਦਾ ਪ੍ਰਤੀਕ ਬਣ ਗਿਆ ਹੈ।
ਇਥੇ ਐਚ.ਏ.ਐਲ. ਦੇਸ਼ ਦੀ ਰੱਖਿਆ ਸ਼ਕਤੀ ਨੂੰ ਦਰਸਾਉਂਦਾ ਹੈ। ਜਦੋਂ ਮੈਂ ਅੱਜ ਸੁਖੋਈ ਐਲ.ਸੀ.ਏ. ਤੇਜਸ ਤੇ ਐਚ.ਟੀ.ਟੀ. ਨੂੰ ਉਡਾਣ ਭਰਦੇ ਦੇਖਿਆ, ਤਾਂ ਮੇਰੀ ਛਾਤੀ ਮਾਣ ਨਾਲ ਚੌੜੀ ਹੋ ਗਈ। ਇਹ ਉਡਾਣਾਂ ਰੱਖਿਆ ਖੇਤਰ ਵਿਚ ਸਵੈ-ਨਿਰਭਰਤਾ ਦੀ ਉਦਾਹਰਣ ਦਿੰਦੀਆਂ ਹਨ। ਐਚ.ਏ.ਐਲ. ਨੇ ਭਾਰਤ ਲਈ ਇਕ ਮਜ਼ਬੂਤ ਥੰਮ੍ਹ ਵਜੋਂ ਸੇਵਾ ਨਿਭਾਈ ਹੈ। 60 ਸਾਲਾਂ ਤੋਂ ਵੱਧ ਸਮੇਂ ਤੋਂ ਐਚ.ਏ.ਐਲ. ਨਾਸਿਕ ਨੇ ਭਾਰਤ ਦੀਆਂ ਰੱਖਿਆ ਨਿਰਮਾਣ ਸਮਰਥਾਵਾਂ ਨੂੰ ਵਧਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਦੂਜੇ ਪਾਸੇ ਇਹ ਵਿਨਾਸ਼ ਨੂੰ ਵੀ ਦਰਸਾਉਂਦਾ ਹੈ ਅਤੇ ਦੁਸ਼ਮਣਾਂ ਨੂੰ ਨਸ਼ਟ ਕਰਨ ਦੀ ਸ਼ਕਤੀ ਰੱਖਦਾ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਦੇਸ਼ ਆਪਣੀਆਂ ਰੱਖਿਆ ਜ਼ਰੂਰਤਾਂ ਲਈ ਦੂਜੇ ਦੇਸ਼ਾਂ ’ਤੇ ਨਿਰਭਰ ਸੀ ਅਤੇ ਲਗਭਗ 65-70 ਪ੍ਰਤੀਸ਼ਤ ਰੱਖਿਆ ਉਪਕਰਣ ਆਯਾਤ ਕੀਤੇ ਜਾਂਦੇ ਸਨ। ਅੱਜ ਇਹ ਸਥਿਤੀ ਬਦਲ ਗਈ ਹੈ। ਭਾਰਤ ਹੁਣ ਆਪਣੇ 65 ਪ੍ਰਤੀਸ਼ਤ ਰੱਖਿਆ ਉਪਕਰਣਾਂ ਦਾ ਨਿਰਮਾਣ ਆਪਣੀ ਧਰਤੀ ’ਤੇ ਕਰਦਾ ਹੈ। ਬਹੁਤ ਜਲਦੀ ਅਸੀਂ ਆਪਣੇ ਘਰੇਲੂ ਨਿਰਮਾਣ ਨੂੰ 100 ਪ੍ਰਤੀਸ਼ਤ ਤੱਕ ਲੈ ਜਾਵਾਂਗੇ। ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦਾ ਰੱਖਿਆ ਨਿਰਯਾਤ 25,000 ਕਰੋੜ ਰੁਪਏ ਦੇ ਰਿਕਾਰਡ ਤੱਕ ਪਹੁੰਚ ਗਿਆ ਹੈ, ਜੋ ਕਿ ਕੁਝ ਸਾਲ ਪਹਿਲਾਂ 1,000 ਕਰੋੜ ਰੁਪਏ ਤੋਂ ਘੱਟ ਸੀ। ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਹੁਣ 2029 ਤੱਕ ਘਰੇਲੂ ਰੱਖਿਆ ਨਿਰਮਾਣ ਵਿਚ 3 ਲੱਖ ਕਰੋੜ ਰੁਪਏ ਅਤੇ ਰੱਖਿਆ ਨਿਰਯਾਤ ਵਿਚ 50 ਹਜ਼ਾਰ ਕਰੋੜ ਰੁਪਏ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ।