ਪਿੰਡ ਵਡਾਲਾ ਭਿੱਟੇਵੱਡ ਵਿਖੇ ਹੋਏ ਮੁਕਾਬਲੇ ਦੌਰਾਨ ਜ਼ਖ਼ਮੀ ਹੋਇਆ ਗੈਂਗਸਟਰ ਪੁਲਿਸ ਵਲੋਂ ਕਾਬੂ

ਰਾਮ ਤੀਰਥ, (ਅੰਮ੍ਰਿਤਸਰ), 17 ਅਕਤੂਬਰ (ਧਰਵਿੰਦਰ ਸਿੰਘ ਔਲਖ)- ਪੁਲਿਸ ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਵਡਾਲਾ ਭਿੱਟੇਵੱਡ ਵਿਖੇ ਅੱਜ ਪੁਲਿਸ ਮੁਕਾਬਲੇ ਵਿਚ ਜ਼ਖ਼ਮੀ ਹੋਇਆ ਗੈਂਗਸਟਰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਜਸਬੀਰ ਸਿੰਘ ਲੱਲਾ ਵਜੋਂ ਹੋਈ ਹੈ। ਏ.ਜੀ.ਟੀ.ਐਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸ ਦੋਸ਼ੀ ਨੇ ਤਰਨ ਤਾਰਨ ਵਿਖੇ ਇਕ ਏ.ਐਸ.ਆਈ. ਬਲਦੇਵ ਸਿੰਘ ਨੂੰ ਗੋਲੀ ਮਾਰੀ ਸੀ ਅਤੇ ਇਸ ਖ਼ਿਲਾਫ਼ ਤਰਨ ਤਾਰਨ ਵਿਚ ਪਰਚਾ ਦਰਜ ਸੀ। ਇਸ ਤੋਂ ਇਲਾਵਾ ਉਕਤ ਦੋਸ਼ੀ ਹੋਰ ਵੀ ਬਹੁਤ ਸਾਰੇ ਕੇਸਾਂ ਵਿਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਪਿੰਡ ਵਡਾਲਾ ਭਿੱਟੇਵੱਡ ਵਿਖੇ ਸੱਤੂ ਦੀ ਹਵੇਲੀ ਵਿਚ ਰਹਿ ਰਿਹਾ ਹੈ। ਇਸ ਨੂੰ ਕਾਬੂ ਕਰਨ ਲਈ ਏ.ਜੀ. ਟੀ.ਐਫ. ਵਲੋਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ, ਏ.ਡੀ.ਜੀ.ਪੀ. ਪ੍ਰਮੋਦ ਬਾਨ, ਏ.ਆਈ.ਜੀ. ਸੰਦੀਪ ਗੋਇਲ ਆਈ.ਪੀ.ਐਸ. ਵੱਲੋਂ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਦੇ ਸਹਿਯੋਗ ਨਾਲ ਆਪ੍ਰੇਸ਼ਨ ਕੀਤਾ ਗਿਆ। ਪੁਲਿਸ ਦਾ ਘੇਰਾ ਵੇਖ ਕੇ ਦੋਸ਼ੀ ਨੇ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਫਾਇਰਿੰਗ ਵਿਚ ਦੋਸ਼ੀ ਜ਼ਖਮੀ ਹੋ ਗਿਆ, ਜਿਸ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਹਸਪਤਾਲ ਲੈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਹੈਪੀ ਜੱਟ ਗਰੁੱਪ ਨਾਲ ਸੰਬੰਧਿਤ ਸੀ।