ਆਰ.ਟੀ.ਆਈ. ਕਾਰਕੁਨ ਮਾਣਿਕ ਗੋਇਲ ਦੇ ਚਾਚੇ ਦੀ ਦੁਕਾਨ 'ਤੇ ਫਾਇਰਿੰਗ
ਮਾਨਸਾ, 28 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) - ਸਥਾਨਕ ਸ਼ਹਿਰ 'ਚ ਅਣਪਛਾਤੇ ਵਿਅਕਤੀਆਂ ਨੇ ਉੱਘੇ ਆਰ.ਟੀ.ਆਈ. ਕਾਰਕੁਨ ਮਾਣਿਕ ਗੋਇਲ ਦੇ ਚਾਚੇ ਦੀ ਦੁਕਾਨ 'ਤੇ ਫਾਇਰਿੰਗ ਕਰ ਦਿੱਤੀ। ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੁਰਦੁਆਰਾ ਚੌਕ ਮਾਨਸਾ ਨੇੜੇ ਸਥਿਤ ਦੁਕਾਨ ਦਾ ਸ਼ੀਸ਼ਾ ਜ਼ਰੂਰ ਟੁੱਟ ਗਿਆ। ਮੋਟਰਸਾਈਕਲ 'ਤੇ ਸਵਾਰ 2 ਬਦਮਾਸ਼ ਫਾਇਰਿੰਗ ਕਰ ਕੇ ਭੱਜ ਨਿਕਲੇ ਤਾਂ ਉਨ੍ਹਾਂ ਦਾ ਵਹੀਕਲ ਸਾਹਮਣੋਂ ਆ ਰਹੀ ਸਕੂਟਰੀ ਨਾਲ ਟਕਰਾਅ ਗਿਆ। ਦੋਵਾਂ ਨੂੰ ਇਕ ਵਾਰ ਕੁਝ ਲੋਕਾਂ ਨੇ ਦਬੋਚ ਲਿਆ ਅਤੇ ਇਕ ਬਜ਼ੁਰਗ ਨੇ ਤਾਂ ਪੂਰਾ ਮੁਕਾਬਲਾ ਕੀਤਾ ਪਰ ਉਨ੍ਹਾਂ ਫਿਰ ਫਾਇਰਿੰਗ ਕਰ ਦਿੱਤੀ ਅਤੇ ਮੋਟਰਸਾਈਕਲ ਸੁੱਟ ਕੇ ਪੈਦਲ ਭੱਜਣ 'ਚ ਸਫਲ ਹੋ ਗਏ। ਪੁਲਿਸ ਨੂੰ ਘਟਨਾ ਸਥਾਨ ਤੋਂ ਮੋਟਰਸਾਈਕਲ ਦੇ ਨਾਲ ਮੋਬਾਈਲ ਦਾ ਪਾਵਰ ਬੈਂਕ ਬਰਾਮਦ ਹੋਇਆ ਹੈ।
ਘਟਨਾ ਸਥਾਨ 'ਤੇ ਭਾਗੀਰਥ ਸਿੰਘ ਮੀਨਾ ਐਸ.ਐਸ.ਪੀ. ਤੋਂ ਇਲਾਵਾ ਹੋਰ ਅਧਿਕਾਰੀ ਪਹੁੰਚ ਗਏ। ਪੂਰੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਸਰੇ ਪਾਸੇ ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਪੰਜਾਬ 'ਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ। ਇਸੇ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ 29 ਅਕਤੂਬਰ ਨੂੰ ਰੋਸ ਵਜੋਂ ਮਾਨਸਾ ਸ਼ਹਿਰ ਬੰਦ ਰੱਖਣ ਦਾ ਐਲਾਨ ਕੀਤਾ ਹੈ।
;
;
;
;
;
;
;
;