ਖ਼ਤਰਨਾਕ ਪੱਧਰ 'ਤੇ ਪਹੁੰਚ ਗਈ ਹੈ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ - ਅਸ਼ਵਨੀ ਸ਼ਰਮਾ
ਪਠਾਨਕੋਟ, 28 ਅਕਤੂਬਰ (ਸੰਧੂ) - ਪੰਜਾਬ ਵਿਚ ਕੂੜਾ ਸਾੜਨ ਨਾਲ ਵੱਧ ਰਹੇ ਪ੍ਰਦੂਸ਼ਣ ਮਾਮਲੇ 'ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਆਪ ਸਰਕਾਰ ਨੇ ਤਿਨ ਸਾਲਾਂ 'ਚ ਸੂਬੇ ਨੂੰ ਸਾਫ਼ ਕਰਨ ਦੀ ਥਾਂ ਧੂੰਏਂ ਦਾ ਅੱਡਾ ਬਣਾ ਦਿੱਤਾ ਹੈ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਫਗਵਾੜਾ, ਨਵਾਂਸ਼ਹਿਰ, ਮੋਹਾਲੀ, ਖਰੜ, ਨਿਊ ਚੰਡੀਗੜ੍ਹ, ਪਠਾਨਕੋਟ ਅਤੇ ਤਰਨਤਾਰਨ ਜਿਹੇ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ 'ਤੇ ਪਹੁੰਚ ਗਈ ਹੈ, ਪਰ ਸਰਕਾਰ ਕੁੰਭਕਰਨੀ ਨੀਂਦ 'ਚ ਸੁੱਤੀ ਪਈ ਹੈ। ਲੋਕਾਂ ਦਾ ਸਾਹ ਘੁੱਟ ਰਿਹਾ ਹੈ, ਪਰ ਵਾਤਾਵਰਣ ਵਿਭਾਗ ਤੇ ਨਗਰ ਨਿਗਮ ਬੇਪਰਵਾਹ ਬੈਠੇ ਹਨ।ਸ਼ਰਮਾ ਨੇ ਕਿਹਾ ਕਿ ਸ਼ਹਿਰਾਂ ਵਿਚ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਠੱਪ ਹੋ ਚੁੱਕੀ ਹੈ। ਨਗਰ ਨਿਗਮਾਂ ਵਲੋਂ ਪ੍ਰਬੰਧ ਦੀ ਘਾਟ ਕਾਰਨ ਖੁੱਲ੍ਹੇ ਮੈਦਾਨਾਂ ਵਿਚ ਕੂੜਾ ਸਾੜਿਆ ਜਾ ਰੇਹਾ ਹੈ । ਇਸ ਨਾਲ ਕਾਰਬਨ ਮੋਨੋਆਕਸਾਈਡ ਤੇ ਹੋਰ ਜ਼ਹਰੀਲੇ ਤੱਤ ਹਵਾ ਵਿਚ ਫੈਲ ਰਹੇ ਹਨ, ਜਿਸ ਨਾਲ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਜਿਨ੍ਹਾਂ ਸ਼ਹਿਰਾਂ ਨੂੰ ‘ਸਮਾਰਟ ਸਿਟੀ’ ਬਣਾਉਣ ਦੇ ਵਾਅਦੇ ਕੀਤੇ ਸਨ, ਉਥੇ ਅੱਜ ਸਮਾਰਟ ਕੂੜਾਘਰ ਤੇ ਸਮਾਰਟ ਧੂੰਆ ਹੀ ਦਿਸਦਾ ਹੈ।ਸ਼ਰਮਾ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਸੂਬੇ ਦੇ ਸਾਰੇ ਨਗਰ ਨਿਗਮਾਂ ਅਤੇ ਪੰਚਾਇਤਾਂ ਨੂੰ ਕੂੜਾ ਪ੍ਰਬੰਧਨ ਲਈ ਜ਼ਿੰਮੇਵਾਰ ਠਹਿਰਾਵੇ ਅਤੇ ਹਰ ਜ਼ਿਲ੍ਹੇ ਵਿਚ “ਵੇਸਟ ਮੈਨੇਜਮੈਂਟ ਟਾਸਕ ਫੋਰਸ” ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੀ ਇਹ ਲਹਿਰ ਲੋਕਾਂ ਦੀ ਜਾਨ ਨਾਲ ਖੇਡ ਰਹੀ ਹੈ ਤੇ ਸਰਕਾਰ ਨੂੰ ਇਸਦਾ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਸ਼ਰਮਾ ਨੇ ਆਪ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਿਸ ਸਰਕਾਰ ਨੇ ਸੂਬੇ ਨੂੰ ਸਾਫ਼-ਸੁਥਰਾ ਕਰਨ ਦਾ ਸੁਪਨਾ ਦਿਖਾਇਆ ਸੀ, ਉਸੇ ਨੇ ਪੰਜਾਬ ਨੂੰ ਧੂੰਏਂ ਦੇ ਧੁੰਦਲੇ ਕਾਲਖ਼ਾਨੇ 'ਚ ਬਦਲ ਦਿੱਤਾ ਹੈ। ਲੋਕਾਂ ਦੇ ਸਾਹ ਰੁਕ ਰਹੇ ਹਨ, ਪਰ ਆਪ ਸਰਕਾਰ ਦੇ ਮੰਤਰੀਆਂ ਨੂੰ ਸਿਰਫ਼ ਪ੍ਰਚਾਰ ਦੀ ਪਈ ਹੈ। ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਾਸੀਆਂ ਦਾ ਕਹਿਣਾ ਹੈ ਕਿ ਕੂੜੇ ਦੇ ਢੇਰ ਸੜਕਾਂ ਤੇ ਪਏ ਹਨ, ਜਿਨ੍ਹਾਂ ਨੂੰ ਸਾੜਨ ਨਾਲ ਪੂਰੇ ਇਲਾਕੇ ਵਿਚ ਧੂੰਆ ਛਾ ਜਾਂਦਾ ਹੈ। ਬੱਚਿਆਂ ਤੇ ਬਜ਼ੁਰਗਾਂ ਨੂੰ ਸਾਹ ਦੀਆਂ ਬਿਮਾਰੀਆਂ ਘੇਰ ਰਹੀਆਂ ਹਨ।ਸ਼ਰਮਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਰਕਾਰ ਨੇ ਤੁਰੰਤ ਪ੍ਰਦੂਸ਼ਣ ਨਿਯੰਤਰਣ ਤੇ ਕੂੜਾ ਪ੍ਰਬੰਧ ਲਈ ਢੰਗ ਦੀ ਯੋਜਨਾ ਨਾ ਬਣਾਈ ਤਾਂ ਭਾਜਪਾ ਸੂਬਾ ਪੱਧਰੀ ਆੰਦੋਲਨ ਸ਼ੁਰੂ ਕਰੇਗੀ।
;
;
;
;
;
;
;
;