ਕਾਰ ਸਵਾਰ ਨੌਜਵਾਨਾਂ ਵਲੋਂ ਕੀਤੇ ਹਮਲੇ 'ਚ ਤਿੰਨ ਨੌਜਵਾਨ ਜ਼ਖਮੀ
ਬਟਾਲਾ, 2 ਨਵੰਬਰ (ਸਤਿੰਦਰ ਸਿੰਘ) - ਬਟਾਲਾ ਨਜ਼ਦੀਕ ਕੁਤਬੀ ਨੰਗਲ ਵਿਖੇ ਦੋ ਮੋਟਰਸਾਈਕਲਾਂ ਉੱਪਰ ਜਾ ਰਹੇ ਨੌਜਵਾਨਾਂ ਨੂੰ ਕਾਰ ਸਵਾਰ ਨੌਜਵਾਨਾਂ ਨੇ ਰੋਕ ਕੇ ਦਾਤਰਾਂ ਕਿਰਪਾਨਾ ਨਾਲ ਹਮਲਾ ਕਰ ਕੇ ਤਿੰਨ ਨੂੰ ਜ਼ਖ਼ਮੀ ਕਰ ਦਿੱਤਾ, ਜਿਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਅੰਮ੍ਰਿਤਸਰ ਵਿਖੇ ਤਬਦੀਲ ਕੀਤਾ ਗਿਆ ਹੈ। ਸਿਵਲ ਹਸਪਤਾਲ ਬਟਾਲਾ ਵਿਚ ਜੇਰੇ ਇਲਾਜ ਅਸੀਸ ਪੁੱਤਰ ਹੀਰਾ ਮਸੀਹ ਵਾਸੀ ਕੁਤਬੀ ਨੰਗਲ ਨੇ ਦੱਸਿਆ ਕਿ ਉਹ ਸੱਤ ਜਾਣੇ ਦੋ ਮੋਟਰਸਾਈਕਲਾਂ, ਇਕ ਉੱਪਰ ਚਾਰ ਜਾਣੇ ਅਤੇ ਇਕ ਉੱਪਰ ਤਿੰਨ ਜਣੇ ਸਵਾਰ ਹੋ ਕੇ ਬਟਾਲਾ ਤੋਂ ਆਪਣੇ ਪਿੰਡ ਜਾ ਰਹੇ ਸਨ ਕਿ ਪਿੰਡ ਕੁਤਬੀ ਨੰਗਲ ਨਜ਼ਦੀਕ ਆਈ ਇਕ ਕਾਰ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਵਿਚੋਂ ਉਤਰੇ ਨੌਜਵਾਨਾਂ ਨੇ ਸਾਡੇ ਉੱਪਰ ਦਾਤਰਾਂ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ, ਜਿਸ ਕਰਕੇ ਮੈਂ, ਕਰਨ ਪੁੱਤਰ ਜਸਬੀਰ ਮਸੀਹ ਅਤੇ ਸ਼ਾਮੂ ਪੁੱਤਰ ਮੇਜਰ ਵਾਸੀ ਕੁਤਬੀ ਨੰਗਲ ਜ਼ਖ਼ਮੀ ਹੋ ਗਏ। ਸਾਨੂੰ ਨਜ਼ਦੀਕੀ ਲੋਕਾਂ ਨੇ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ, ਜਿਥੋਂ ਸ਼ਾਮੂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਹੈ। ਅਸੀਸ ਨੇ ਦੱਸਿਆ ਕਿ ਸਾਡੀ ਕਿਸੇ ਨਾਲ ਕੋਈ ਰੰਜਸ਼ ਨਹੀਂ ਹੈ, ਪਰੰਤੂ ਫਿਰ ਵੀ ਉਕਤ ਨੌਜਵਾਨ ਸਾਨੂੰ ਜ਼ਖ਼ਮੀ ਕਰ ਕੇ ਸਾਡੇ ਮੋਟਰਸਾਈਕਲ ਵੀ ਨਾਲ ਲੈ ਗਏ! ਸਿਵਿਲ ਹਸਪਤਾਲ ਦੇ ਡਾਕਟਰ ਸਾਹਿਲ ਨੇ ਦੱਸਿਆ ਕਿ ਸ਼ਾਮੂ ਦੇ ਸਿਰ ਅਤੇ ਬਾਂਹ 'ਤੇ ਜ਼ਿਆਦਾ ਸੱਟ ਲੱਗਣ ਕਰ ਕੇ ਉਸ ਦਾ ਖੂਨ ਜਿਆਦਾ ਵਹਿ ਚੁੱਕਾ ਸੀ ਅਤੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਵਿਖੇ ਤਬਦੀਲ ਕੀਤਾ ਗਿਆ ਹੈ।
;
;
;
;
;
;
;
;