ਲਾਵਾਰਸ ਕੁੱਤਿਆਂ ਤੇ ਬੇਸਹਾਰਾ ਜਾਨਵਰਾਂ ਨੂੰ ਸੜਕਾਂ ਤੇ ਹਾਈਵੇਅ ਤੋਂ ਤੁਰੰਤ ਹਟਾਇਆ ਜਾਵੇ- ਸੁਪਰੀਮ ਕੋਰਟ
ਨਵੀਂ ਦਿੱਲੀ, 7 ਨਵੰਬਰ- ਸੁਪਰੀਮ ਕੋਰਟ ਨੇ ਲਾਵਾਰਸ ਕੁੱਤਿਆਂ ਸੰਬੰਧੀ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਸੜਕਾਂ, ਰਾਜ ਮਾਰਗਾਂ ਅਤੇ ਰਾਸ਼ਟਰੀ ਰਾਜਮਾਰਗਾਂ ਤੋਂ ਸਾਰੇ ਲਾਵਾਰਸ ਕੁੱਤਿਆਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਨੇ ਰਾਜਾਂ, ਰਾਸ਼ਟਰੀ ਰਾਜਮਾਰਗ ਅਥਾਰਟੀ ਆਫ਼ ਇੰਡੀਆ (NHAI) ਅਤੇ ਨਗਰ ਪਾਲਿਕਾਵਾਂ ਨੂੰ ਇਸ ਸੰਬੰਧੀ ਨਿਰਦੇਸ਼ ਜਾਰੀ ਕੀਤੇ ਹਨ।
ਇਸ ਤੋਂ ਇਲਾਵਾ ਅਦਾਲਤ ਨੇ ਕੁੱਤਿਆਂ ਨੂੰ ਹਟਾਉਣ ਲਈ ਹਾਈਵੇ ਨਿਗਰਾਨੀ ਟੀਮਾਂ ਦੇ ਗਠਨ ਦੇ ਨਿਰਦੇਸ਼ ਦਿੱਤੇ ਹਨ, ਜੋ ਉਨ੍ਹਾਂ ਨੂੰ ਫੜਨਗੀਆਂ, ਸੜਕਾਂ ਤੋਂ ਹਟਾ ਦੇਣਗੀਆਂ ਅਤੇ ਉਨ੍ਹਾਂ ਨੂੰ ਆਸਰਾ ਸਥਾਨਾਂ ਵਿਚ ਰੱਖਣਗੀਆਂ। ਆਪਣੇ ਆਦੇਸ਼ ਵਿਚ ਸੁਪਰੀਮ ਕੋਰਟ ਨੇ ਲਾਵਾਰਸ ਕੁੱਤਿਆਂ ਦੇ ਮੁੱਦੇ ਬਾਰੇ ਹੋਰ ਆਦੇਸ਼ ਜਾਰੀ ਕੀਤੇ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਸਾਰੀਆਂ ਵਿੱਦਿਅਕ ਸੰਸਥਾਵਾਂ, ਹਸਪਤਾਲਾਂ, ਬੱਸਾਂ ਅਤੇ ਰੇਲਵੇ ਸਟੇਸ਼ਨਾਂ ਤੋਂ ਲਾਵਾਰਸ ਕੁੱਤਿਆਂ ਨੂੰ ਹਟਾ ਕੇ ਆਸਰਾ ਸਥਾਨਾਂ ਵਿਚ ਰੱਖਿਆ ਜਾਵੇ। ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਟੀਕਾਕਰਨ ਤੋਂ ਬਾਅਦ ਲਾਵਾਰਸ ਕੁੱਤਿਆਂ ਨੂੰ ਉਸ ਖੇਤਰ ਵਿਚ ਨਾ ਛੱਡਿਆ ਜਾਵੇ, ਜਿਥੋਂ ਉਨ੍ਹਾਂ ਨੂੰ ਚੁੱਕਿਆ ਗਿਆ ਸੀ।
ਸੁਪਰੀਮ ਕੋਰਟ ਨੇ ਅੱਗੇ ਕਿਹਾ ਕਿ ਰਾਜਸਥਾਨ ਹਾਈਕੋਰਟ ਦਾ ਫ਼ੈਸਲਾ, ਜਿਸ ਵਿਚ ਉਨ੍ਹਾਂ ਜ਼ਿੰਮੇਵਾਰ ਸਰਕਾਰੀ ਏਜੰਸੀਆਂ ਨੂੰ ਸੜਕਾਂ ਤੋਂ ਲਾਵਾਰਸ ਜਾਨਵਰਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ, ਹੁਣ ਪੂਰੇ ਦੇਸ਼ ਵਿਚ ਲਾਗੂ ਹੋਵੇਗਾ। ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 13 ਜਨਵਰੀ ਨੂੰ ਕਰੇਗੀ।
;
;
;
;
;
;
;
;