ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦਾ ਇੰਡੀਗੋ ਨੂੰ ਹੁਕਮ- ਬਿਨਾਂ ਦੇਰੀ ਦੇ ਯਾਤਰੀਆਂ ਦੇ ਸਾਰੇ ਲੰਬਿਤ ਰਿਫੰਡ ਦਾ ਕਰੇ ਭੁਗਤਾਨ
ਨਵੀਂ ਦਿੱਲੀ, 6 ਦਸੰਬਰ- ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਉਡਾਣਾਂ ਵਿਚ ਚੱਲ ਰਹੀ ਭਾਰੀ ਅਵਿਵਸਥਾ ਦੇ ਵਿਚਕਾਰ ਇੰਡੀਗੋ ਏਅਰਲਾਈਨਜ਼ ਖਿਲਾਫ਼ ਸਖ਼ਤ ਰੁਖ ਅਪਣਾ ਲਿਆ ਹੈ। ਮੰਤਰਾਲੇ ਨੇ ਸ਼ਨੀਵਾਰ ਨੂੰ ਏਅਰਲਾਈਨ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਯਾਤਰੀਆਂ ਦੇ ਸਾਰੇ ਲੰਬਿਤ ਰਿਫੰਡ ਦਾ ਭੁਗਤਾਨ ਕਰੇ। ਸਰਕਾਰ ਨੇ ਇੱਕ ਅਧਿਕਾਰਤ ਹੁਕਮ ਜਾਰੀ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਸਾਰੀਆਂ ਰੱਦ ਜਾਂ ਵਿਘਨ ਪਈਆਂ ਉਡਾਣਾਂ ਲਈ ਰਿਫੰਡ ਪ੍ਰਕਿਰਿਆ ਨੂੰ ਐਤਵਾਰ, 7 ਦਸੰਬਰ ਦੀ ਰਾਤ 8:00 ਵਜੇ ਤੱਕ ਹਰ ਹਾਲ ਵਿੱਚ ਪੂਰਾ ਕਰਨਾ ਹੋਵੇਗਾ।
ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਹੁਕਮ ਦੀ ਪਾਲਣਾ ਨਾ ਕੀਤੀ ਗਈ, ਤਾਂ ਏਅਰਲਾਈਨ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ। ਮੰਤਰਾਲੇ ਨੇ ਯਾਤਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਏਅਰਲਾਈਨਜ਼ ਨੂੰ ਨਿਰਦੇਸ਼ ਦਿੱਤਾ ਹੈ ਕਿ ਜਿਨ੍ਹਾਂ ਯਾਤਰੀਆਂ ਦੀਆਂ ਯਾਤਰਾ ਯੋਜਨਾਵਾਂ ਉਡਾਣਾਂ ਦੇ ਰੱਦ ਹੋਣ ਕਾਰਨ ਪ੍ਰਭਾਵਿਤ ਹੋਈਆਂ ਹਨ, ਉਨ੍ਹਾਂ ਕੋਲੋਂ ਕੋਈ ਵੀ ਰੀ-ਸ਼ਡਿਊਲਿੰਗ ਚਾਰਜ ਨਹੀਂ ਵਸੂਲਿਆ ਜਾਵੇਗਾ। ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸੰਕਟ ਦੀ ਇਸ ਘੜੀ ਵਿੱਚ ਯਾਤਰੀਆਂ 'ਤੇ ਕੋਈ ਵਾਧੂ ਵਿੱਤੀ ਬੋਝ ਨਾ ਪਵੇ। ਉਥੇ ਹੀ ਦੂਜੇ ਪਾਸੇ ਇੰਡੀਗੋ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਰੱਦ ਹੋਈਆਂ ਸਾਰੀਆਂ ਉਡਾਣਾਂ ਦੇ ਰਿਫੰਡ ਆਪਣੇ ਆਪ ਮੁਸਾਫਰਾਂ ਦੇ ਅਸਲ ਭੁਗਤਾਨ ਨਾਲ ਪ੍ਰੋਸੈਸ ਕੀਤੇ ਜਾਣਗੇ।
;
;
;
;
;
;
;
;
;