ਹਲਕਾ ਬਾਘਾ ਪੁਰਾਣਾ ਦੇ ਪਿੰਡ ਵੈਰੋਕੇ ਵਿਖੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਹੋਇਆ ਜ਼ਬਰਦਸਤ ਵਿਰੋਧ
ਠੱਠੀ ਭਾਈ, 11 ਦਸੰਬਰ (ਜਗਰੂਪ ਸਿੰਘ ਮਠਾੜੂ ) - ਹਲਕਾ ਬਾਘਾ ਪੁਰਾਣਾ ਦੇ ਪਿੰਡ ਵੈਰੋਕੇ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਦੌਰੇ ਦੌਰਾਨ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਅਨੁਸਾਰ ਕਿਸਾਨ ਯੂਨੀਅਨ ਦੇ ਆਗੂਆਂ ਨੇ ਗੰਭੀਰ ਮਾਮਲਾ ਬਣੇ ਪਿੰਡ ਵਿਚ ਨਹਿਰ ਦਾ ਪੁਲ ਮਿਥੇ ਸਮੇਂ ਅੰਦਰ ਨਾ ਬਣਨ ’ਤੇ ਵਿਧਾਇਕ ਤੋਂ ਸਵਾਲ-ਜਵਾਬ ਕਰਨ ਦੀ ਤਿਆਰੀ ਕੀਤੀ ਸੀ, ਪਰ ਹਾਲਾਤ ਅਚਾਨਕ ਤਣਾਅਪੂਰਨ ਬਣ ਗਏ। ਜਿਵੇਂ ਹੀ ਕਿਸਾਨ ਆਗੂ ਵਿਧਾਇਕ ਦੇ ਸਾਹਮਣੇ ਆਪਣੇ ਸਵਾਲ ਰੱਖਣ ਲਈ ਇਕੱਠੇ ਹੋਏ, ਬਾਘਾ ਪੁਰਾਣਾ ਅਤੇ ਸਮਾਲਸਰ ਪੁਲਿਸ ਵਲੋਂ ਕਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿੰਮੇਵਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੌਰਾਨ ਹੋਈ ਧੱਕਾ-ਮੁੱਕੀ ਅਤੇ ਤਣਾਅ ਕਾਰਨ ਸਥਿਤੀ ਵਿਗੜ ਗਈ ਅਤੇ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲਾਠੀਚਾਰਜ ਦੌਰਾਨ ਕੁਝ ਕਿਸਾਨ ਆਗੂ ਬੀਬੀਆਂ ਵੀ ਜ਼ਖ਼ਮੀ ਹੋਈਆਂ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਤੁਰੰਤ ਇਲਾਜ ਲਈ ਭੇਜਿਆ। ਕਿਸਾਨਾਂ ਵਲੋਂ ਦੋਸ਼ ਲਗਾਇਆ ਗਿਆ ਕਿ ਅਸੀਂ ਸਿਰਫ਼ ਆਪਣੀ ਸਹੂਲਤਾਂ ਸੰਬੰਧੀ ਸਵਾਲ ਪੁੱਛਣ ਆਏ ਸੀ, ਪਰ ਪੁਲਿਸ ਨੇ ਬੇਵਜ੍ਹਾ ਜ਼ਬਰ ਕੀਤਾ। ਮੌਕੇ ’ਤੇ ਹਾਲਾਤ ਤਣਾਅਪੂਰਨ ਰਹੇ ਅਤੇ ਕਿਸਾਨ ਯੂਨੀਅਨ ਨੇ ਐਲਾਨ ਕੀਤਾ ਕਿ ਨਹਿਰ ਦਾ ਪੁਲ ਨਾ ਬਣਨ ਦਾ ਮੁੱਦਾ ਹੱਲ ਹੋਣ ਤੱਕ ਉਹ ਆਪਣਾ ਵਿਰੋਧ ਜਾਰੀ ਰੱਖਣਗੇ। ਪੁਲਿਸ ਵਲੋਂ ਗ੍ਰਿਫ਼ਤਾਰੀਆਂ ਤੋਂ ਬਾਅਦ ਪਿੰਡ ਵੈਰੋਕੇ ਵਿਖੇ ਪਹੁੰਚੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਜਦ ਪੱਤਰਕਾਰਾਂ ਨੇ ਮਾਮਲੇ ਸੰਬੰਧੀ ਆਪਣਾ ਪੱਖ ਰੱਖਣ ਲਈ ਕਿਹਾ ਤਾਂ ਵਿਧਾਇਕ ਨੇ ਉਲਟਾ ਪੱਤਰਕਾਰਾਂ ਨੂੰ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ ਇੱਥੇ ਕੁਝ ਵੀ ਨਹੀਂ ਵਾਪਰਿਆ।
;
;
;
;
;
;
;