JALANDHAR WEATHER

ਵਿਆਹ ਦੀਆਂ ਤਿਆਰੀਆਂ ’ਚ ਲੱਗਾ ਪਿੰਡ ਸ਼ਾਹਬਾਦ ਦਾ ਨੌਜਵਾਨ ਤਿੰਨ ਦਿਨਾਂ ਤੋਂ ਲਾਪਤਾ, ਪਰਿਵਾਰ ਵਲੋਂ ਅਣਹੋਣੀ ਦਾ ਖਦਸ਼ਾ

ਵਡਾਲਾ ਗ੍ਰੰਥੀਆਂ, (ਗੁਰਦਾਸਪੁਰ), 15 ਦਸੰਬਰ (ਗੁਰ ਪ੍ਰਤਾਪ ਸਿੰਘ ਕਾਹਲੋਂ)- ਨਜ਼ਦੀਕੀ ਪਿੰਡ ਸ਼ਾਹਬਾਦ ਦੇ ਇਕ ਨੌਜਵਾਨ ਦੇ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਹੋਣ ਦੀ ਖ਼ਬਰ ਨਾਲ ਇਲਾਕੇ ਵਿਚ ਚਿੰਤਾ ਅਤੇ ਸੋਗ ਦੀ ਲਹਿਰ ਦੌੜ ਗਈ ਹੈ। ਲਾਪਤਾ ਨੌਜਵਾਨ ਦੀ ਪਛਾਣ ਸਿਮਰਨਜੋਤ ਸਿੰਘ ਵਜੋਂ ਹੋਈ ਹੈ, ਜੋ ਆਪਣੇ ਵਿਆਹ ਦੀਆਂ ਤਿਆਰੀਆਂ ਵਿਚ ਰੁੱਝਿਆ ਹੋਇਆ ਸੀ।


ਇਸ ਸੰਬੰਧੀ ਸਿਮਰਨਜੋਤ ਸਿੰਘ ਦੇ ਪਿਤਾ ਗੁਰਲਾਲ ਸਿੰਘ ਅਤੇ ਚਾਚਾ ਬਿਕਰਮਜੀਤ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਸਿਮਰਨਜੋਤ ਦਾ ਨਜ਼ਦੀਕੀ ਪਿੰਡ ਬਹਾਦਰ ਹੁਸੈਨ ਵਿਚ ਰਿਸ਼ਤਾ ਤੈਅ ਹੋਇਆ ਸੀ ਅਤੇ ਉਸ ਦਾ ਵਿਆਹ 5 ਜਨਵਰੀ ਨੂੰ ਹੋਣਾ ਸੀ। ਉਨ੍ਹਾਂ ਦੱਸਿਆ ਕਿ ਸਿਮਰਨਜੋਤ 13 ਦਸੰਬਰ ਨੂੰ ਦੁਪਹਿਰ ਕਰੀਬ 12 ਵਜੇ ਬਟਾਲਾ ਵਿਖੇ ਏ.ਟੀ.ਐਮ ਤੋਂ ਪੈਸੇ ਕਢਵਾਉਣ ਲਈ ਘਰੋਂ ਗਿਆ ਸੀ, ਪਰ ਉਸ ਨੇ ਨਾ ਤਾਂ ਏ.ਟੀ.ਐਮ. ਤੋਂ ਪੈਸੇ ਕਢਵਾਏ ਹਨ ਅਤੇ ਨਾ ਹੀ ਅੱਜ ਤੱਕ ਉਹ ਘਰ ਵਾਪਸ ਪਰਤਿਆ ਹੈ।


ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕਾਫ਼ੀ ਖੋਜਬੀਨ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਬਾਵਜੂਦ ਜਦੋਂ ਕੋਈ ਪਤਾ ਨਾ ਲੱਗਾ ਤਾਂ ਇਸ ਸੰਬੰਧੀ ਥਾਣਾ ਰੰਗੜ ਨੰਗਲ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਐਸ.ਐਸ.ਪੀ. ਬਟਾਲਾ ਨੂੰ ਮਿਲ ਕੇ ਆਪਣੇ ਲਾਪਤਾ ਪੁੱਤਰ ਨੂੰ ਲੱਭਣ ਦੀ ਗੁਹਾਰ ਵੀ ਲਗਾਈ ਗਈ। ਪਰਿਵਾਰ ਨੇ ਦੱਸਿਆ ਕਿ ਐਸ.ਐਸ.ਪੀ. ਬਟਾਲਾ ਵਲੋਂ ਤੁਰੰਤ ਕਾਰਵਾਈ ਕਰਦਿਆਂ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਫੋਨ ਕਾਲਾਂ ਅਤੇ ਮੋਬਾਈਲ ਲੋਕੇਸ਼ਨ ਆਦਿ ਦੀ ਜਾਂਚ ਕਰਕੇ ਸਿਮਰਨ ਜੋਤ ਸਿੰਘ ਨੂੰ ਤਲਾਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਚੱਲਦਿਆਂ ਥਾਣਾ ਰੰਗੜ ਨੰਗਲ ਦੇ ਐਸ.ਐਚ.ਓ. ਅਤੇ ਪੁਲਿਸ ਪਾਰਟੀ ਵਲੋਂ ਨੌਜਵਾਨ ਨੂੰ ਲੱਭਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।


ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਸਿਮਰਨਜੋਤ ਦਾ ਕੋਈ ਸੁਰਾਗ ਨਾ ਮਿਲਣ ਕਰਕੇ ਪਰਿਵਾਰ ਵਿੱਚ ਭਾਰੀ ਸੋਗ ਅਤੇ ਰੋਸ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਕਿਸੇ ਅਣਹੋਣੀ ਘਟਨਾ ਦਾ ਖਦਸ਼ਾ ਜਤਾਉਂਦਿਆਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਨੂੰ ਜਲਦੀ ਤੋਂ ਜਲਦੀ ਲੱਭ ਕੇ ਸੁਰੱਖਿਅਤ ਵਾਪਸ ਲਿਆਂਦਾ ਜਾਵੇ।ਇਸ ਮੌਕੇ ਕਾਂਗਰਸੀ ਆਗੂ ਅਤੇ ਪਿੰਡ ਦੇ ਸਾਬਕਾ ਸਰਪੰਚ ਹਰਵਿੰਦਰਪਾਲ ਸਿੰਘ ਜੋਤੀ ਅਤੇ ਸ਼ੁਭਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਨੌਜਵਾਨ ਦੇ ਲਾਪਤਾ ਹੋਣ ਕਾਰਨ ਪੂਰੇ ਪਿੰਡ ਵਿੱਚ ਚਿੰਤਾ ਦਾ ਮਾਹੌਲ ਹੈ ਅਤੇ ਪਿੰਡ ਵਾਸੀਆਂ ਵੱਲੋਂ ਵੀ ਆਪਣੇ ਪੱਧਰ ’ਤੇ ਉਸ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਸਿਮਰਨ ਜੋਤ ਸਿੰਘ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ