JALANDHAR WEATHER

ਨਿਊਜ਼ੀਲੈਂਡ ਵਿਚ ਨਗਰ ਕੀਰਤਨ ਦਾ ਵਿਰੋਧ ਕਰਨ ਦੀ ਘਟਨਾ ਬਹੁਤ ਨਿੰਦਣਯੋਗ : ਜਥੇਦਾਰ ਝੀਂਡਾ

ਕਰਨਾਲ, 23 ਦਸੰਬਰ ( ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਨਿਊਜ਼ੀਲੈਂਡ ਵਿਚ ਮਹਾਨ ਨਗਰ ਕੀਰਤਨ ਦਾ ਵਿਰੋਧ ਕੀਤੇ ਜਾਣ ਦੀ ਘਟਨਾ 'ਤੇ ਰੋਸ ਜਤਾਇਆ ਹੈ। ਇਸ ਸੰਬੰਧ ਵਿਚ ਹਰਿਆਣਾ ਕਮੇਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਨਿਊਜ਼ੀਲੈਂਡ ਦੇ ਰਾਜਦੂਤ ਪੈਟ੍ਰਿਕ ਜਾਨ ਨੂੰ ਪੱਤਰ ਲਿਖ ਕੇ ਨਾ ਸਿਰਫ ਘਟਨਾ ਦਾ ਵਿਰੋਧ ਜਤਾਇਆ ਹੈ ਸਗੋਂ ਇਸ ਮਾਮਲੇ ਦੇ ਦੋਸ਼ੀਆਂ 'ਤੇ ਕਾਰਵਾਈ ਦੀ ਮੰਗ ਵੀ ਕੀਤੀ ਹੈ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ਵਿਚ ਸਿੱਖ ਭਾਈਚਾਰੇ ਵਲੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ ਸੀ। ਦਸ ਗੁਰੂ ਸਾਹਿਬਾਨ ਦੀ ਜੋਤ ਧਨ-ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਇਹ ਨਗਰ ਕੀਰਤਨ ਨਿਕਲਿਆ ਸੀ ,ਜਿਸ ਵਿਚ ਸਿੱਖ ਭਾਈਚਾਰੇ ਦੇ ਨਾਲ ਗੁਰੂ ਨਾਨਕ ਨਾਮਲੇਵਾ ਸੰਗਤ ਵੀ ਸ਼ਾਮਿਲ ਹੋਈ। ਪਰ ਇਹ ਦੁੱਖ ਦੀ ਗੱਲ ਹੈ ਕਿ ਸਿੱਖ ਭਾਈਚਾਰੇ ਦੁਆਰਾ ਸਜਾਏ ਗਏ ਇਸ ਮਹਾਨ ਨਗਰ ਕੀਰਤਨ ਦਾ ਕੁਝ ਸ਼ਰਾਰਤੀ ਤੱਤਾਂ ਵਲੋਂ ਵਿਰੋਧ ਕੀਤਾ ਗਿਆ। ਕਰੀਬ 3 ਦਰਜਨ ਸ਼ਰਾਰਤੀ ਤੱਤਾਂ ਵਲੋਂ ਹੰਗਾਮਾ ਕਰਨ ਕਰਕੇ ਕਿਸੇ ਵੀ ਅਣਹੋਣੀ ਨੂੰ ਧਿਆਨ ਵਿਚ ਰੱਖਦੇ ਹੋਏ ਨਗਰ ਕੀਰਤਨ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਹਾਲਾਂਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਉੱਥੋਂ ਦੀ ਪੁਲਿਸ ਨੇ ਮਾਮਲੇ ਨੂੰ ਸੰਭਾਲ ਲਿਆ ਅਤੇ ਬਾਅਦ ਵਿਚ ਨਗਰ ਕੀਰਤਨ ਦਾ ਸਮਾਪਨ ਨਿਰਧਾਰਤ ਥਾਂ ‘ਤੇ ਕੀਤਾ ਗਿਆ। ਹਾਲਾਂਕਿ ਉੱਥੋਂ ਦੇ ਪ੍ਰਸ਼ਾਸਨ ਨੇ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਦਿੱਤੀ ਸੀ, ਫਿਰ ਵੀ ਇਹ ਘਟਨਾ ਹੋਣਾ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ