ਵੈਨੇਜ਼ੁਏਲਾ 'ਤੇ ਅਮਰੀਕੀ ਹਮਲਾ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ: ਖੱਬੀਆਂ ਪਾਰਟੀਆਂ
ਨਵੀਂ ਦਿੱਲੀ, 4 ਜਨਵਰੀ (ਪੀ.ਟੀ.ਆਈ.)-ਖੱਬੇ ਪੱਖੀ ਪਾਰਟੀਆਂ ਨੇ ਐਤਵਾਰ ਨੂੰ ਕਿਹਾ ਕਿ ਵੈਨੇਜ਼ੁਏਲਾ 'ਤੇ ਅਮਰੀਕੀ ਹਮਲਾ ਸੰਯੁਕਤ ਰਾਸ਼ਟਰ ਚਾਰਟਰ ਦੀ ਘੋਰ ਉਲੰਘਣਾ ਹੈ, ਜਦੋਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਬਿਆਨਾਂ 'ਤੇ ਚਿੰਤਾ ਪ੍ਰਗਟ ਕੀਤੀ।
ਖੱਬੀਆਂ ਪਾਰਟੀਆਂ ਨੇ ਅਮਰੀਕੀ ਕਾਰਵਾਈ ਦੇ ਖਿਲਾਫ ਇੱਥੇ ਜੰਤਰ-ਮੰਤਰ 'ਤੇ ਇਕ ਵਿਰੋਧ ਪ੍ਰਦਰਸ਼ਨ ਵੀ ਕੀਤਾ। ਇਕ ਬਿਆਨ ਵਿਚ ਪਾਰਟੀਆਂ ਨੇ ਕਿਹਾ ਕਿ ਉਹ "ਵੈਨੇਜ਼ੁਏਲਾ ਵਿਰੁੱਧ ਅਮਰੀਕੀ ਹਮਲੇ ਅਤੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ, ਸੀਲੀਆ ਫਲੋਰੇਸ ਦੇ ਅਗਵਾ ਦੀ ਸਖ਼ਤ ਨਿੰਦਾ ਕਰਦੇ ਹਨ"। ਸੀ.ਪੀ.ਆਈ.(ਐਮ), ਸੀ.ਪੀ.ਆਈ., ਸੀ.ਪੀ.ਆਈ.(ਐਮ.ਐਲ) ਲਿਬਰੇਸ਼ਨ, ਏ.ਆਈ.ਐਫ.ਬੀ. ਅਤੇ ਆਰ.ਐਸ.ਪੀ. ਦੁਆਰਾ ਸਾਂਝੇ ਤੌਰ 'ਤੇ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਸੰਯੁਕਤ ਰਾਸ਼ਟਰ ਚਾਰਟਰ ਦੀ ਘੋਰ ਉਲੰਘਣਾ ਵਿਚ ਇਕ ਪ੍ਰਭੂਸੱਤਾ ਸੰਪੰਨ ਦੇਸ਼ 'ਤੇ ਕੀਤਾ ਗਿਆ ਹਮਲਾ ਹੈ। ਖੱਬੀਆਂ ਪਾਰਟੀਆਂ ਨੇ ਕਿਹਾ ਕਿ ਵੈਨੇਜ਼ੁਏਲਾ ਤੋਂ ਆ ਰਹੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉੱਥੇ ਦੇ ਲੋਕ ਅਮਰੀਕੀ ਹਮਲੇ ਵਿਰੁੱਧ ਅਤੇ ਆਪਣੇ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਵੱਡੀ ਗਿਣਤੀ ਵਿਚ ਲਾਮਬੰਦ ਹੋ ਰਹੇ ਹਨ। ਖੱਬੀਆਂ ਧਿਰਾਂ ਨੇ ਕਿਹਾ ਕਿ "ਅਸੀਂ ਵੈਨੇਜ਼ੁਏਲਾ ਦੇ ਲੜ ਰਹੇ ਲੋਕਾਂ ਨਾਲ ਆਪਣਾ ਪੂਰਾ ਸਮਰਥਨ ਅਤੇ ਏਕਤਾ ਵਧਾਉਂਦੇ ਹਾਂ।" ਖੱਬੀਆਂ ਪਾਰਟੀਆਂ ਨੇ ਅਮਰੀਕੀ ਹਮਲੇ ਵਿਰੁੱਧ ਅਤੇ ਲਾਤੀਨੀ ਅਮਰੀਕਾ ਦੇ ਲੋਕਾਂ ਨਾਲ ਏਕਤਾ ਵਿਚ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਵੀ ਦਿੱਤਾ।
;
;
;
;
;
;
;
;