ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਸਰਗਰਮੀਆਂ ਤੇਜ਼ :ਬਰਨਾਲਾ
ਮਹਿਲ ਕਲਾਂ, 1 ਜਨਵਰੀ (ਅਵਤਾਰ ਸਿੰਘ ਅਣਖੀ)-ਪੰਜਾਬ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਨੌਜਵਾਨ ਵਰਗ ਨੂੰ ਚੋਣ ਮੈਦਾਨ 'ਚ ਉਤਾਰਨ ਅਤੇ ਪੰਥਕ ਵਿਚਾਰਧਾਰਾ ਨੂੰ ਮਜ਼ਬੂਤ ਕਰਦੇ ਹੋਏ ਪੰਜਾਬ 'ਚ ਪੰਥਕ ਸਰਕਾਰ ਬਣਾਉਣ ਦਾ ਮੁੱਖ ਟੀਚਾ ਰੱਖਿਆ ਗਿਆ ਹੈ।
ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੇ ਪਿੰਡ ਚੰਨਣਵਾਲ, ਛੀਨੀਵਾਲ ਕਲਾਂ ਅਤੇ ਮਹਿਲ ਕਲਾਂ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨ ਉਪਰੰਤ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਲੋਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ 'ਸ਼੍ਰੋਮਣੀ ਅਕਾਲੀ ਦਲ ਪੰਜਾਬ' ਨਾਂ ਨੂੰ ਚੋਣ ਕਮਿਸ਼ਨ ਕੋਲ ਰਜਿਸਟਰ ਕਰਵਾਇਆ ਜਾਵੇ ਅਤੇ ਪਾਰਟੀ ਲਈ ਇਤਿਹਾਸਕ ਚੋਣ ਨਿਸ਼ਾਨ ਤੀਰ–ਕਮਾਨ ਅਲਾਟ ਕਰਨ ਦੀ ਮੰਗ ਕੀਤੀ ਗਈ ਹੈ।
ਬਰਨਾਲਾ ਨੇ ਕਿਹਾ ਕਿ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਬਣਾਉਣ ਲਈ ਪਿੰਡ, ਸਰਕਲ, ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਵਰਕਰਾਂ ਨਾਲ ਪੰਥਕ ਵਿਚਾਰਧਾਰਾ ਸੰਬੰਧੀ ਮੀਟਿੰਗਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ, ਤਾਂ ਜੋ ਪੰਥ ਦਰਦੀ ਸ਼ਕਤੀਆਂ ਨੂੰ ਇਕ ਮੰਚ ’ਤੇ ਇਕੱਠਾ ਕੀਤਾ ਜਾ ਸਕੇ। ਮੁੱਖ ਮੰਤਰੀ ਪੰਜਾਬ ਦੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ੀ ਦੇ ਮਾਮਲੇ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਹੈ, ਇਸ ਦੇ ਇਤਿਹਾਸ ਵਿਚ ਕਦੇ ਵੀ ਕਿਸੇ ਗੈਰ-ਸਿੱਖ ਨੂੰ ਇੱਥੇ ਪੇਸ਼ ਹੋਣ ਲਈ ਨਹੀਂ ਸੱਦਿਆ ਗਿਆ। ਇਸ ਮਾਮਲੇ ’ਤੇ ਗੰਭੀਰਤਾ ਨਾਲ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ।
ਇਸ ਮੌਕੇ ਸੀਨੀਅਰ ਆਗੂ ਜਥੇਦਾਰ ਗੁਰਮੇਲ ਸਿੰਘ ਛੀਨੀਵਾਲ, ਜਥੇਦਾਰ ਗੁਰਦੀਪ ਸਿੰਘ ਚੰਨਣਵਾਲ, ਜਥੇਦਾਰ ਪ੍ਰਿਤਪਾਲ ਸਿੰਘ ਛੀਨੀਵਾਲ, ਤਜਿੰਦਰਦੇਵ ਸਿੰਘ ਮਿੰਟੂ, ਕਿਸਾਨ ਆਗੂ ਸ਼ਿੰਗਾਰਾ ਸਿੰਘ ਛੀਨੀਵਾਲ, ਪੰਚ ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਮੰਦਰ ਸਿੰਘ ਛੀਨੀਵਾਲ, ਅੰਮ੍ਰਿਤਪਾਲ ਸਿੰਘ ਹਮੀਦੀ, ਮਨੋਹਰ ਸਿੰਘ, ਪਾਲ ਸਿੰਘ ਛੀਨੀਵਾਲ ਆਦਿ ਆਗੂ ਹਾਜ਼ਰ ਸਨ।
;
;
;
;
;
;