JALANDHAR WEATHER

ਕੈਲਗਰੀ ਦੇ ਨਾਲ ਲੱਗਦੇ ਇਲਾਕੇ ਕੋਨਰਿਚ ਵਿਚ ਘਰਾਂ ਨੂੰ ਲੱਗੀ ਅੱਗ, ਲੱਖਾਂ ਡਾਲਰਾਂ ਦਾ ਨੁਕਸਾਨ

ਕੈਲਗਰੀ, 16 ਜਨਵਰੀ (ਜਸਜੀਤ ਸਿੰਘ ਧਾਮੀ)- ਕੈਲਗਰੀ ਦੇ ਨਾਲ ਲੱਗਦੇ ਪੰਜਾਬੀਆ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਕੋਨਰਿਚ ਵਿਚ ਦਿਨ ਦਿਹਾੜੇ ਨਵੇਂ ਬਣ ਰਹੇ ਘਰ ਨੂੰ ਅੱਗ ਲੱਗਣ ਉਪਰੰਤ ਉਸ ਦੇ ਨਾਲ ਦੇ ਇਕ ਘਰ ਨੂੰ ਵੀ ਅੱਗ ਲੱਗ ਗਈ, ਜਿਸ ਨਾਲ ਦੋਨੋਂ ਘਰ ਸੜ ਕੇ ਸੁਆਹ ਹੋ ਗਏ। ਉਸ ਇਲਾਕੇ ਵਿਚ ਰਹਿ ਰਹੇ ਗੁਰਲਾਲ ਸਿੰਘ ਗਿੱਲ ਮਾਣੂੰਕੇ ਨੇ ਫੋਨ ’ਤੇ ਦੱਸਿਆ ਕਿ ਅੱਜ ਦੁਪਹਿਰ ਦੇ ਸਮੇਂ ਇਕ ਨਵੇਂ ਬਣ ਰਹੇ ਘਰ ਨੂੰ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਉਸ ਦੇ ਨਾਲ ਲੱਗਦਾ ਘਰ ਵੀ ਅੱਗ ਦੀ ਲਪੇਟ ਵਿਚ ਆ ਗਿਆ, ਜੋ ਮੌਕੇ ’ਤੇ ਸੜ ਕੇ ਸਵਾਹ ਹੋ ਗਿਆ। ਉਸ ਦੇ ਪਿਛੇ ਬਣ ਰਹੇ 2 ਨਵੇਂ ਘਰਾਂ ਨੂੰ ਵੀ ਅੱਗ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਵੀ 2 ਘਰਾਂ ਨੂੰ ਅੱਗ ਲੱਗ ਗਈ ਸੀ।

ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨਾਂ ਦੱਸਿਆ ਕਿ ਕਈ ਵਾਰ ਰੌਕੀ ਵਿਊ ਕਾਉਂਟੀ ਦੇ ਮੇਅਰ, ਜੋ ਕਿ ਪੰਜਾਬੀ ਮੂਲ ਦੇ ਹਨ, ਨੂੰ ਕਮਿਉਨਟੀ ਵਲੋਂ ਬੇਨਤੀ ਕੀਤੀ ਗਈ ਸੀ ਕਿ ਇਸ ਇਲਾਕੇ ਵਿਚ ਇਕ ਫਾਇਰ ਸਰਵਿਸਜ਼ ਵਾਸਤੇ ਸਟਾਫ਼ ਪੱਕੇ ਤੌਰ ’ਤੇ ਨਿਯੁਕਤ ਕੀਤਾ ਜਾਵੇ ਪਰ ਇਨਾਂ ਨੁਕਸਾਨ ਹੋਣ ਦੇ ਬਾਵਜੂਦ ਵੀ ਨਗਰ ਕੌਂਸਲ ਦੇ ਸਿਰ ’ਤੇ ਜੂੰ ਨਹੀ ਸਿਰਕੀ, ਜਿਸ ਕਰਕੇ ਲੋਕਾਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਤਕਰੀਬਨ 40-45 ਮਿੰਟ ਬਾਅਦ ਫਾਇਰ ਸਰਵਿਸਿਜ਼ ਵਾਲੇ ਪਹੁੰਚੇ, ਜਿੰਨ੍ਹਾਂ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ ਕੀਤੀ। ਖਬਰ ਲਿਖਣ ਤੋ ਪਹਿਲਾਂ ਇਸ ਇਲਾਕੇ ਦੇ ਮੇਅਰ ਸੰਨੀ ਸਾਮਰਾ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਰਾਬਤਾ ਕਾਇਮ ਨਹੀ ਹੋ ਸਕਿਆ। ਖਬਰ ਲਿਖਣ ਤੱਕ ਕੋਈ ਵੀ ਜਾਨੀ ਨੁਕਸਾਨ ਨਾ ਹੋਣ ਦੀ ਸੂਚਨਾ ਹੈ। ਇਥੇ ਦੱਸਣਯੋਗ ਹੈ ਕਿ ਘਰ ਮਾਲਕਾਂ ਦਾ ਲੱਖਾਂ ਡਾਲਰਾਂ ਦਾ ਨੁਕਸਾਨ ਹੋ ਗਿਆ ਹੈ ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀ ਲੱਗ ਸਕਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ