ਨਿਹੰਗ ਪ੍ਰਿਤਪਾਲ ਸਿੰਘ ਵਲੋਂ ਅਲੀਪੁਰ ਟੈਂਕੀ ’ਤੇ ਚੜ੍ਹ ਕੇ ਭੁੱਖ ਹੜਤਾਲ
ਅਮਰਗੜ੍ਹ,19 ਫਰਵਰੀ (ਜਤਿੰਦਰ ਮੰਨਵੀ) - ਨੇੜਲੇ ਪਿੰਡ ਰਾਏਪੁਰ ਅਤੇ ਅਲੀਪੁਰ ਦੇ ਸਾਂਝੇ ਧਾਰਮਿਕ ਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਵਿਰੋਧ ਕਰਦਿਆਂ ਪਿੰਡ ਅਲੀਪੁਰ ਦਾ ਰਹਿਣ ਵਾਲਾ ਨਿਹੰਗ ਪ੍ਰਿਤਪਾਲ ਸਿੰਘ ਪਿੰਡ ਦੀ ਪਾਣੀ ਦੀ ਟੈਂਕੀ ’ਤੇ ਜਾ ਚੜ੍ਹਿਆ ਅਤੇ ਲਗਾਤਾਰ 2 ਦਿਨ ਤੋਂ ਭੁੱਖ ਹੜਤਾਲ ’ਤੇ ਬੈਠਾ ਹੋਇਆ ਹੈ। ਪਾਣੀ ਦੀ ਟੈਂਕੀ ’ਤੇ ਬੈਠੇ ਨਿਹੰਗ ਪ੍ਰਿਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਿੰਡ ਦੇ ਧਾਰਮਿਕ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਿੱਖ ਰਹਿਤ ਮਰਿਆਦਾ ਤੋਂ ਉਲਟ ਹੈ ਤੇ ਇਹ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਹੈ। ਇਸ ਸੰਬੰਧੀ ਸੋਸ਼ਲ ਮੀਡੀਆ ਰਾਹੀਂ ਸ੍ਰੋਮਣੀ ਕਮੇਟੀ ਨੂੰ ਮੈਂ ਇਤਰਾਜ਼ ਜਤਾ ਚੁੱਕਿਆ ਹਾਂ ਅਤੇ ਪੁਲਿਸ ਪ੍ਰਸ਼ਾਸਨ ਅਮਰਗੜ੍ਹ ਨੂੰ ਵੀ ਜਾਣੂ ਕਰਵਾਇਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ।ਨਿਹੰਗ ਸਿੰਘ ਨੇ ਸਾਫ਼ ਕੀਤਾ ਕਿ ਜਦ ਤਕ ਉਨ੍ਹਾਂ ਨੂੰ ਲਿਖਤੀ ਰੂਪ ਵਿਚ ਇਹ ਯਕੀਨ ਨਹੀਂ ਦਿਵਾਇਆ ਜਾਂਦਾ ਕਿ ਪਿੰਡ ਦੇ ਧਾਰਮਿਕ ਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਵੇਗਾ, ਤਦ ਤੱਕ ਉਹ ਟੈਂਕੀ ਤੋਂ ਹੇਠ ਨਹੀਂ ਉਤਰਣਗੇ। ਉੱਧਰ ਬਾਬਾ ਮੋਤੀ ਗਿਰ ਕਮੇਟੀ ਦੇ ਪ੍ਰਧਾਨ ਜਗਰੂਪ ਸਿੰਘ ਨੇ ਆਖਿਆ ਕਿ ਪਿਛਲੇ ਕਰੀਬ 40 ਸਾਲਾਂ ਤੋਂ ਵੀ ਵੱਧ ਸਮਾਂ ਹੋ ਗਿਆ ਕਿ ਹਰੇਕ ਸਾਲ ਫਰਵਰੀ ਜਾਂ ਮਾਰਚ ਮਹੀਨੇ ਵਿਚ ਪੂਰੀ ਸਿੱਖ ਮਰਿਆਦਾ ਤਹਿਤ 3 ਦਿਨਾਂ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਸੀ, ਪਰ ਨਿਹੰਗ ਪ੍ਰਿਤਪਾਲ ਸਿੰਘ ਦੇ ਵਿਰੋਧ ਕਰਨ ਤੋਂ ਬਾਅਦ ਕਮੇਟੀ ਨੇ ਇਸ ਵਾਰ ਬਾਬਾ ਸ੍ਰੀ ਚੰਦ ਜੀ ਦਾ ਪਾਠ ਕਰਵਾਉਣ ਦਾ ਫ਼ੈਸਲਾ ਲਿਆ ਹੈ।ਇਸ ਸੰਬੰਧੀ ਪੁਲਿਸ ਅਤੇ ਪ੍ਰਸ਼ਾਸਨ ਨੇ ਹਾਲਾਤ ’ਤੇ ਨਜ਼ਰ ਬਣਾਈ ਹੋਈ ਹੈ। ਇਲਾਕਾ ਵਾਸੀਆਂ ਵਿਚ ਵੀ ਇਸ ਮਾਮਲੇ ਨੂੰ ਲੈ ਕੇ ਚਿੰਤਾ ਦਾ ਮਾਹੌਲ ਹੈ। ਖ਼ਬਰ ਲਿਖੇ ਜਾਣ ਤੱਕ ਨਿਹੰਗ ਸਿੰਘ ਆਪਣੀ ਮੰਗ ਨੂੰ ਲੈ ਕੇ ਟੈਂਕੀ ’ਤੇ ਮੌਜੂਦ ਸੀ।
;
;
;
;
;
;
;