ਬਿਜਲੀ ਦਾ ਕਰੰਟ ਲੱਗਣ ਨਾਲ ਕਿਸਾਨ ਯੂਨੀਅਨ ਦੇ ਆਗੂ ਮੇਜਰ ਸਿੰਘ ਗਿੱਲ ਦੀ ਮੌਤ
ਪੰਜਗਰਾਈਂ ਕਲਾਂ, 19 ਫਰਵਰੀ (ਸੁਖਮੰਦਰ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ ਫ਼ਤਹਿ ਦੀ ਸਥਾਨਕ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਗਿੱਲ (55) ਪੁੱਤਰ ਪ੍ਰੀਤਮ ਸਿੰਘ ਗਿੱਲ ਦੀ ਅੱਜ ਖੇਤ 'ਚ ਪਾਣੀ ਲਾਉਂਦੇ ਸਮੇਂ ਕਰੰਟ ਲੱਗਣ ਨਾਲ ਅਚਾਨਕ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਕਿਸਾਨ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਗੱਗਾ ਅਤੇ ਗੁਰਜੰਟ ਸਿੰਘ ਸਰਾਂ ਨੇ ਦੱਸਿਆ ਕਿ ਮੇਜਰ ਸਿੰਘ ਅੱਜ ਸ਼ਾਮ ਦੇ ਸਮੇਂ ਆਪਣੇ ਖੇਤ ਕਣਕ ਦੀ ਫ਼ਸਲ ਨੂੰ ਪਾਣੀ ਲਾ ਰਿਹਾ ਸੀ ਤਾਂ ਖੇਤ 'ਚ ਲੱਗੇ ਬਿਜਲੀ ਦੇ ਟਰਾਂਸਫਾਰਮਰ 'ਚ ਅਚਾਨਕ ਕਰੰਟ ਆ ਜਾਣ ਕਾਰਨ ਬਿਜਲੀ ਦਾ ਗਹਿਰਾ ਝਟਕਾ ਲੱਗਾ | ਜਿਸ ਕਾਰਨ ਉਹ ਖੇਤ ਵਿਚ ਹੀ ਡਿੱਗ ਪਿਆ, ਉਸ ਨੂੰ ਬੇਹੋਸ਼ੀ ਦੀ ਹਾਲਾਤ 'ਚ ਪਿੰਡ ਦੇ ਕਲੀਨਿਕ 'ਤੇ ਲਿਆਂਦਾ ਹੈ ਜਿੱਥੇ ਉਸ ਨੇ ਆਪਣੇ ਪ੍ਰਾਣ ਤਿਆਗ ਦਿੱਤੇ | ਉਨ੍ਹਾਂ ਦੱਸਿਆ ਕਿ ਮ੍ਰਿਤਕ ਮੇਜਰ ਸਿੰਘ ਆਪਣੇ ਪਿੱਛੇ ਪਤਨੀ, ਇਕ ਬੇਟਾ ਤੇ ਬੇਟੀ ਛੱਡ ਗਿਆ | ਜ਼ਿਕਰਯੋਗ ਹੈ ਕਿ ਮ੍ਰਿਤਕ ਮੇਜਰ ਸਿੰਘ ਦੇ ਮਾਤਾ-ਪਿਤਾ ਅਤੇ ਇਕ ਭਰਾ ਪਹਿਲਾਂ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ ਤੇ ਹੁਣ ਮੇਜਰ ਸਿੰਘ ਦੀ ਮੌਤ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਪਿਆ ਹੈ | ਇਸ ਅਣਹੋਣੀ ਘਟਨਾ ਕਾਰਨ ਸਮੁੱਚੇ ਪਿੰਡ ਅੰਦਰ ਸੋਗ ਦੀ ਲਹਿਰ ਦੌੜ ਗਈ |
;
;
;
;
;
;
;