ਨਿਪਾਲ: ਨਦੀ ’ਚ ਡਿੱਗੀ ਯਾਤਰੀ ਬੱਸ, 18 ਦੀ ਮੌਤ
ਕਾਠਮੰਡੂ, 23 ਫਰਵਰੀ- ਨਿਪਾਲ ਦੇ ਧਾਡਿੰਗ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੋਖਰਾ ਤੋਂ ਕਾਠਮੰਡੂ ਜਾ ਰਹੀ ਇਕ ਯਾਤਰੀ ਬੱਸ ਤ੍ਰਿਸ਼ੂਲੀ ਨਦੀ ਵਿਚ ਡਿੱਗ ਗਈ, ਜਿਸ ਕਾਰਨ ਕਰੀਬ 18 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਘਟਨਾ ਭਾਰਤੀ ਸਮੇਂ ਅਨੁਸਾਰ ਸਵੇਰੇ 1:00 ਵਜੇ ਦੇ ਕਰੀਬ ਚਿੰਨਧਰਾ ਖੇਤਰ ਦੇ ਨੇੜੇ ਵਾਪਰੀ। ਬੱਸ ਵਿਚ ਕੁਝ ਵਿਦੇਸ਼ੀ ਸੈਲਾਨੀਆਂ ਸਮੇਤ ਲਗਭਗ 40 ਤੋਂ 45 ਯਾਤਰੀ ਸਵਾਰ ਸਨ। ਮਰਨ ਵਾਲਿਆਂ ਦੀ ਗਿਣਤੀ 18 ਦੱਸੀ ਜਾ ਰਹੀ ਹੈ, ਜਿਨ੍ਹਾਂ ਵਿਚ ਛੇ ਔਰਤਾਂ ਅਤੇ 11 ਪੁਰਸ਼ ਸ਼ਾਮਿਲ ਹਨ। ਹਾਦਸੇ ਵਿਚ 25 ਤੋਂ 27 ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਬੱਸ ਪ੍ਰਿਥਵੀ ਹਾਈਵੇਅ 'ਤੇ ਯਾਤਰਾ ਕਰ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਬੇਨੀਘਾਟ ਰੋਰੰਗ ਪੇਂਡੂ ਨਗਰਪਾਲਿਕਾ-5 ਦੇ ਭੈਸੇਪਤੀ ਖੇਤਰ ਦੇ ਨੇੜੇ ਬੱਸ ਅਚਾਨਕ ਕੰਟਰੋਲ ਗੁਆ ਬੈਠੀ। ਬੱਸ ਸੜਕ ਤੋਂ ਫਿਸਲ ਗਈ ਤੇ ਲਗਭਗ 300 ਮੀਟਰ ਦੀ ਢਲਾਣ ਤੋਂ ਹੇਠਾਂ ਡਿੱਗ ਗਈ। ਪੁਲਿਸ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬੱਸ ਵਿਚ ਸਮਰੱਥਾ ਤੋਂ ਵੱਧ ਯਾਤਰੀਆਂ ਨੂੰ ਲਿਜਾਣ ਦੀ ਸੰਭਾਵਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ। ਇਹ ਹਾਦਸਾ ਰਾਤ ਨੂੰ ਵਾਪਰਿਆ, ਜਿਸ ਕਾਰਨ ਬਚਾਅ ਕਾਰਜ ਵਿਚ ਰੁਕਾਵਟ ਆਈ।
;
;
;
;
;
;
;