JALANDHAR WEATHER

ਟਰਾਂਸਫਾਰਮਰ ਲਾਹੁਣ ਆਏ ਬਿਜਲੀ ਤੇ ਪੁਲਿਸ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਕਈ ਘੰਟੇ ਡੱਕੀ ਰੱਖਿਆ

ਜੈਂਤੀਪੁਰ, 9 ਮਾਰਚ (ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਚਾਚੋਵਾਲੀ ਵਿਖੇ ਇਕ ਕਿਸਾਨ ਦਾ ਟਰਾਂਸਫਾਰਮਰ ਲਾਹੁਣ ਆਏ ਐਕਸੀਅਨ ਸਰਬਜੀਤ ਸ਼ਰਮਾ, ਸਬ ਅਰਬਨ ਸਰਕਲ ਅੰਮ੍ਰਿਤਸਰ ਤੇ ਹੋਰ ਬਿਜਲੀ ਕਰਮਚਾਰੀ ਤੇ ਪੁਲਿਸ ਥਾਣਾ ਕੱਥੂਨੰਗਲ ਦੇ ਐਸ. ਐਚ. ਓ. ਹਿਮਾਂਸ਼ੂ ਭਗਤ ਤੇ 6-7 ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਤੇ ਉਸ ਦੇ ਸਪੁੱਤਰ ਨੂੰ ਗ੍ਰਿਫਤਾਰ ਕਰਨ ਆਏ ਸਨ। ਇਨ੍ਹਾਂ ਨੇ ਬਿਜਲੀ ਮੁਲਾਜ਼ਮਾਂ ਨੂੰ ਉੱਥੇ ਡੱਕ ਲਿਆ ਤੇ ਫਿਰ ਕਿਸਾਨ ਸੰਘਰਸ਼ ਕਮੇਟੀ ਨੂੰ ਸੂਚਿਤ ਕਰ ਦਿੱਤਾ ਤੇ ਥੋੜ੍ਹੀ ਦੇਰ ਵਿਚ ਪ੍ਰਧਾਨ ਸਰਵਣ ਸਿੰਘ ਪੰਧੇਰ ਉੱਥੇ ਪਹੁੰਚ ਗਏ। ਦੇਖਦੇ ਹੀ ਦੇਖਦੇ ਹੋਰ ਕਿਸਾਨ ਵੀ ਇਕੱਠੇ ਹੋ ਗਏ ਤੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਤੇ ਬਿਜਲੀ ਕਰਮਚਾਰੀਆਂ ਨੂੰ ਡੱਕੀ ਰੱਖਿਆ। ਦੇਰ ਰਾਤ ਡੀ. ਐਸ. ਪੀ. ਕਮਲਮੀਤ ਸਿੰਘ ਮਜੀਠਾ ਮੌਕੇ ਉਤੇ ਪੁੱਜੇ, ਜਿਨ੍ਹਾਂ ਵਲੋਂ ਧਰਨਾਕਾਰੀਆਂ ਨੂੰ ਤਫਤੀਸ਼ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਬਿਜਲੀ ਵਾਲਿਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਜਾਣ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਡੱਕੇ ਪੁਲਿਸ ਤੇ ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਪਿੰਡ ਚਾਚੋਵਾਲੀ ਦੇ ਡੇਰੇ ਉਤੇ ਕੁਲਦੀਪ ਸਿੰਘ ਪੁੱਤਰ ਸ. ਹਰਭਜਨ ਸਿੰਘ ਨੂੰ 24 ਘੰਟੇ ਬਿਜਲੀ ਸਪਲਾਈ ਦਾ ਟਰਾਂਸਫਾਰਮਰ ਮੰਡਲ ਦਫਤਰ ਤੋਂ ਐਸਟੀਮੇਟ ਮਨਜ਼ੂਰ ਕਰਵਾ ਕੇ ਦਿਲਬਾਗ ਸਿੰਘ ਜੇ.ਈ. ਵਲੋਂ ਸੈਂਟਰਲ ਸਟੇਟ ਵੇਰਕਾ ਤੋਂ ਸਾਮਾਨ ਕੱਢਵਾ ਕੇ ਇਸ ਵਿਅਕਤੀ ਦੇ ਡੇਰੇ ਉਤੇ ਰੱਖ ਦਿੱਤਾ ਗਿਆ ਸੀ, ਜੋ ਕਿ 1 ਫਰਵਰੀ ਦਿਨ ਐਤਵਾਰ ਦਫਤਰ ਵਿਖੇ ਛੁੱਟੀ ਹੋਣ ਕਰਕੇ ਕੁਲਦੀਪ ਸਿੰਘ ਅਤੇ ਉਸ ਦੇ ਪੁੱਤਰ ਜਗਬੀਰ ਸਿੰਘ ਵਲੋਂ ਆਪਣੇ ਪੱਧਰ ਉਤੇ ਪ੍ਰਾਈਵੇਟ ਕਾਮਿਆਂ ਕੋਲੋਂ ਅਣਅਧਿਕਾਰਤ ਤੌਰ 'ਤੇ ਆਪਣੀ ਅਤੇ ਕਾਮਿਆਂ ਦੀ ਜਾਨ ਨੂੰ ਖਤਰੇ ’ਚ ਪਾ ਕੇ ਇਸ ਲਾਈਨ ਦੀ ਉਸਾਰੀ ਕਰਕੇ ਟਰਾਂਸਫਾਰਮਰ ਚਾਲੂ ਕਰ ਲਿਆ ਗਿਆ ਹੈ।

ਮਹਿਕਮੇ ਦੀਆਂ ਹਦਾਇਤਾਂ ਮੁਤਾਬਿਕ ਇਸ ਲਾਈਨ ਦੀ ਉਸਾਰੀ ਮਨਜ਼ੂਰਸੁਦਾ ਏ-ਗਰੇਡ ਠੇਕੇਦਾਰ ਦੇ ਕਾਮਿਆਂ ਕੋਲੋਂ ਜੇ.ਈ. ਦੀ ਜਾਂ ਰੈਗੂਲਰ ਸਟਾਫ ਦੀ ਨਿਗਰਾਨੀ ਹੇਠ ਤੇ ਚੀਫ ਇਲੈਕਟ੍ਰੀਕਲ ਇੰਸਪੈਕਟਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ’ਚ ਚਾਲੂ ਕਰਨਾ ਬਣਦਾ ਹੈ, ਪ੍ਰੰਤੂ ਇਨ੍ਹਾਂ ਵਲੋਂ ਮਨਜ਼ੂਰੀ ਮਿਲਣ ਤੋਂ ਬਗੈਰ ਹੀ ਆਪਣੇ ਤੌਰ ’ਤੇ ਉਕਤ ਟਰਾਂਸਫਾਰਮਰ ਦੀ ਸਪਲਾਈ ਨੂੰ ਚਾਲੂ ਕਰ ਲਿਆ ਗਿਆ ਹੈ, ਜੋ ਕਿ ਗੈਰ-ਕਾਨੂੰਨੀ ਹੈ। ਇਸ ਚਾਲੂ ਕੀਤੇ ਟਰਾਂਸਫਾਰਮਰ ਦੀ ਸਪਲਾਈ ਲਾਈਨ ਨੂੰ ਚੈਕ ਕਰਨ ਲਈ ਪੁਲਿਸ ਸਕਿਉਰਟੀ ਮੁਹੱਈਆ ਕਰਵਾਈ ਜਾਵੇ ਅਤੇ ਅਣਅਧਿਕਾਰਤ ਤੌਰ ’ਤੇ ਕੰਮ ਨੂੰ ਕਰਨ ਵਾਲੇ ਕੁਲਦੀਪ ਸਿੰਘ ਪੁੱਤਰ ਹਰਭਜਨ ਸਿੰਘ ਅਤੇ ਜਗਬੀਰ ਸਿੰਘ ਪੁੱਤਰ ਕੁਲਦੀਪ ਸਿੰਘ ਅਤੇ ਇਨ੍ਹਾਂ ਨਾਲ ਕੰਮ ਕਰਨ ਵਾਲੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਮੁਕੱਦਮਾ ਦਰਜ ਕੀਤਾ ਜਾਵੇ। ਜਿਸ ’ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ