ਨੰਦਾ ਦੇਵੀ ਜਹਾਜ਼ ਅੱਜ ਪੁੱਜੇਗਾ ਗੁਜਰਾਤ, ਜਗ ਲਾਡਕੀ ਯੂ.ਏ.ਈ. ਤੋਂ ਸੁਰੱਖਿਅਤ ਆ ਰਿਹਾ ਭਾਰਤ
ਨਵੀਂ ਦਿੱਲੀ, 17 ਮਾਰਚ- ਪੱਛਮੀ ਏਸ਼ੀਆ ਵਿਚ ਚੱਲ ਰਹੇ ਤਣਾਅ ਦੇ ਬਾਵਜੂਦ ਭਾਰਤ ਲਈ ਐਲ.ਪੀ.ਜੀ. ਅਤੇ ਕੱਚਾ ਤੇਲ ਲੈ ਕੇ ਜਾਣ ਵਾਲੇ ਭਾਰਤੀ ਝੰਡੇ ਵਾਲੇ ਟੈਂਕਰ ਗੁਜਰਾਤ ਦੀਆਂ ਬੰਦਰਗਾਹਾਂ 'ਤੇ ਸੁਰੱਖਿਅਤ ਪਹੁੰਚ ਰਹੇ ਹਨ, ਜਿਸ ਨਾਲ ਊਰਜਾ ਸਪਲਾਈ ਨੂੰ ਤੁਰੰਤ ਰਾਹਤ ਮਿਲ ਰਹੀ ਹੈ। ਸ਼ਿਵਾਲਿਕ ਟੈਂਕਰ, ਜੋ ਕਿ ਕਤਰ ਦੇ ਰਾਸ ਲਾਫਨ ਬੰਦਰਗਾਹ ਤੋਂ 46,000 ਟਨ ਐਲ.ਪੀ.ਜੀ. ਲੈ ਕੇ ਜਾ ਰਿਹਾ ਹੈ, ਨੌਂ ਦਿਨਾਂ ਦੀ ਯਾਤਰਾ ਤੋਂ ਬਾਅਦ ਸੋਮਵਾਰ ਨੂੰ ਮੁੰਦਰਾ ਬੰਦਰਗਾਹ 'ਤੇ ਪਹੁੰਚਿਆ। ਇਸੇ ਤਰ੍ਹਾਂ ਨੰਦਾ ਦੇਵੀ ਟੈਂਕਰ, ਜੋ ਕਿ ਲਗਭਗ 46,000 ਟਨ ਐਲ.ਪੀ.ਜੀ. ਲੈ ਕੇ ਜਾ ਰਿਹਾ ਹੈ, ਮੰਗਲਵਾਰ ਸਵੇਰੇ ਕਾਂਡਲਾ ਬੰਦਰਗਾਹ 'ਤੇ ਪਹੁੰਚਣ ਵਾਲਾ ਹੈ। ਦੋਵੇਂ ਜਹਾਜ਼ ਸਰਕਾਰੀ ਮਾਲਕੀ ਵਾਲੇ ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ ਦੇ ਹਨ। ਜਗ ਲਾਡਕੀ ਕੱਚੇ ਤੇਲ ਦਾ ਟੈਂਕਰ, ਜੋ ਸ਼ਨੀਵਾਰ ਨੂੰ ਯੂ.ਏ.ਈ. ਦੇ ਫੁਜੈਰਾਹ ਬੰਦਰਗਾਹ ਤੋਂ ਰਵਾਨਾ ਹੋਇਆ ਸੀ, ਦੇ ਮੰਗਲਵਾਰ ਦੁਪਹਿਰ ਨੂੰ ਮੁੰਦਰਾ ਪਹੁੰਚਣ ਦੀ ਉਮੀਦ ਹੈ। ਇਹ ਜਹਾਜ਼ ਲਗਭਗ 81,000 ਟਨ ਕੱਚਾ ਤੇਲ ਲੈ ਕੇ ਜਾ ਰਿਹਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜਹਾਜ਼ ਉਸੇ ਦਿਨ ਰਵਾਨਾ ਹੋਇਆ ਸੀ ਜਿਸ ਦਿਨ ਫੁਜੈਰਾਹ ਤੇਲ ਟਰਮੀਨਲ 'ਤੇ ਹਮਲਾ ਹੋਇਆ ਸੀ। ਸ਼ਿਪਿੰਗ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਕੁਮਾਰ ਸਿਨਹਾ ਨੇ ਕਿਹਾ ਕਿ ਫਾਰਸ ਦੀ ਖਾੜੀ ਖੇਤਰ ਵਿਚ ਕੰਮ ਕਰਨ ਵਾਲੇ ਸਾਰੇ ਸਮੁੰਦਰੀ ਜਹਾਜ਼ ’ਤੇ ਕੰਮ ਕਰਨ ਵਾਲੇ ਸਾਰੇ ਭਾਰਤੀ ਸੁਰੱਖਿਅਤ ਹਨ।
ਸੂਤਰਾਂ ਅਨੁਸਾਰ ਸ਼ਿਵਾਲਿਕ ਤੋਂ 20,000 ਟਨ ਐਲ.ਪੀ.ਜੀ. ਮੁੰਦਰਾ ਵਿਖੇ ਉਤਾਰਿਆ ਜਾਵੇਗਾ, ਜਦੋਂ ਕਿ ਬਾਕੀ 26,000 ਟਨ ਨਿਊ ਮੈਂਗਲੋਰ ਬੰਦਰਗਾਹ 'ਤੇ ਭੇਜਿਆ ਜਾਵੇਗਾ। ਇਸ ਦੌਰਾਨ ਨੰਦਾ ਦੇਵੀ ਤੋਂ ਐਲ.ਪੀ.ਜੀ. ਨੂੰ ਵੱਖ-ਵੱਖ ਥਾਵਾਂ 'ਤੇ ਡਿਲੀਵਰੀ ਲਈ ਕਾਂਡਲਾ ਬੰਦਰਗਾਹ ਦੇ ਨੇੜੇ ਵਾਡੀਨਾਰ ਵਿਖੇ ਸਮੁੰਦਰ ਵਿਚ ਛੋਟੇ ਜਹਾਜ਼ਾਂ ਵਿਚ ਤਬਦੀਲ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਮੁੰਦਰਾ ਬੰਦਰਗਾਹ ਕੋਲ ਇਕ ਸਮਰਪਿਤ ਸਟੋਰੇਜ ਸਹੂਲਤ ਹੈ।
ਸਰਕਾਰ ਨੇ ਪ੍ਰਮੁੱਖ ਬੰਦਰਗਾਹਾਂ ਨੂੰ ਜਹਾਜ਼ਾਂ ਦੀ ਆਵਾਜਾਈ ਦੀ ਨਿਗਰਾਨੀ ਕਰਨ ਅਤੇ ਕਾਰਗੋ ਸੰਚਾਲਨ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤਹਿਤ ਬਰਥ ਕਿਰਾਏ ਅਤੇ ਸਟੋਰੇਜ ਖਰਚਿਆਂ 'ਤੇ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਅਤੇ ਜਵਾਹਰ ਲਾਲ ਨਹਿਰੂ ਬੰਦਰਗਾਹ ਅਥਾਰਟੀ 'ਤੇ ਅਸਥਾਈ ਟ੍ਰਾਂਸਸ਼ਿਪਮੈਂਟ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ।
ਐਲ.ਪੀ.ਜੀ. ਉਤਪਾਦਨ ਵਧਾਉਣ ਦੇ ਨਿਰਦੇਸ਼ਾਂ ਤੋਂ ਬਾਅਦ ਐਚ.ਪੀ.ਸੀ.ਐਲ. ਮਿੱਤਲ ਐਨਰਜੀ (ਬਠਿੰਡਾ) ਅਤੇ ਰਿਲਾਇੰਸ ਰਿਫਾਇਨਰੀ (ਜਾਮਨਗਰ) ਨੇ ਦੇਸ਼ ਭਰ ਵਿਚ ਗੈਸ ਦੀ ਤੇਜ਼ੀ ਨਾਲ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਰੇਲ ਰੈਕਾਂ ਦੀ ਵਾਧੂ ਮੰਗ ਕੀਤੀ ਹੈ।
;
;
;
;
;
;
;
;