ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ
ਮਹਾਰਾਸ਼ਟਰ, 26 ਮਾਰਚ - ਧੁਰੰਧਰ 2 ਦੇ ਡਾਇਰੈਕਟਰ ਆਦਿੱਤਿਆ ਧਰ ਦਾ ਇਕ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਮੈਂ ਦਿਲੋਂ ਧੰਨਵਾਦੀ ਅਤੇ ਸ਼ੁਕਰਗੁਜ਼ਾਰ ਹਾਂ ਉਸ ਬੇਹੱਦ ਪਿਆਰ ਲਈ ਜੋ ‘ਧੁਰੰਧਰ:ਦ ਰਿਵੈਂਜ’ ਨੂੰ ਦੇਸ਼ ਅਤੇ ਦੁਨੀਆ ਭਰ ਦੇ ਦਰਸ਼ਕਾਂ ਵਲੋਂ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਮੇਰੀ ਜਾਣਕਾਰੀ ਵਿਚ ਆਇਆ ਹੈ ਕਿ ਕੁਝ ਸ਼ਰਾਰਤੀ ਲੋਕ ‘ਆਰਟੀਫੀਸ਼ਲ ਇੰਟੈਲੀਜੈਂਸ' (AI) ਦੀ ਵਰਤੋਂ ਕਰਕੇ ਅਧਿਕਾਰਿਕ ਪ੍ਰਮੋਸ਼ਨਲ ਮੈਟਰੀਅਲ ਨੂੰ ਤੋੜ-ਮਰੋੜ ਕੇ, ਝੂਠੇ ਅਤੇ ਗੁੰਮਰਾਹ ਕਰਨ ਵਾਲੇ ਨੈਰੇਟਿਵ ਫੈਲਾ ਰਹੇ ਹਨ।
ਇਕ ਅਜਿਹਾ ਹੀ ਝੂਠੇ ਢੰਗ ਨਾਲ ਬਣਾਇਆ ਹੋਇਆ ਚਿੱਤਰ ਕਿਰਦਾਰ ਹਮਜ਼ਾ/ਜਸਕੀਰਤ ਨੂੰ ਪੱਗ ਪਹਿਨ ਕੇ ਸਿਗਰਟ ਪੀਂਦੇ ਹੋਏ ਦਰਸਾਉਂਦਾ ਹੈ, ਜੋ ਕਿ ਪੂਰੀ ਤਰ੍ਹਾਂ ਝੂਠ ਹੈ ਅਤੇ ਫ਼ਿਲਮ ਜਾਂ ਸਾਡੇ ਵਲੋਂ ਜਾਰੀ ਕੀਤੇ ਕਿਸੇ ਵੀ ਅਧਿਕਾਰਤ ਮੈਟਰੀਅਲ ਦਾ ਹਿੱਸਾ ਹਰਗਿਜ਼ ਨਹੀਂ ਹੈ। ਇਹ ਜਾਣਬੁੱਝ ਕੇ ਸ਼ਰਾਰਤੀ ਅਨਸਰਾਂ ਦੁਆਰਾ ਫੈਲਾਈ ਜਾ ਰਹੀ ਗਲਤ ਪੇਸ਼ਕਾਰੀ ਹੈ, ਜਿਸਦਾ ਮਕਸਦ ਸਿਰਫ਼ ਤੇ ਸਿਰਫ਼ ਲੋਕਾਂ ਦੀਆਂ ਭਾਵਨਾਵਾਂ ਨੂੰ ਉਕਸਾਉਣਾ ਅਤੇ ਗਲਤਫ਼ਹਿਮੀ ਪੈਦਾ ਕਰਨਾ ਹੈ।
ਮੈਂ ਇਹ ਗੱਲ ਸਪਸ਼ਟ ਤੌਰ 'ਤੇ ਦੱਸ ਦੇਣਾ ਚਾਹੁੰਦਾ ਹਾਂ ਕਿ ਮੇਰੇ ਦਿਲ ਅੰਦਰ ਸਿੱਖ ਕੌਮ ਲਈ ਬੇਹੱਦ ਆਦਰ ਅਤੇ ਸਤਿਕਾਰ ਹੈ ਅਤੇ ਫ਼ਿਲਮ ਵਿਚ ਹਰ ਪੇਸ਼ਕਾਰੀ ਨੂੰ ਪੂਰੀ ਸੰਵੇਦਨਸ਼ੀਲਤਾ, ਮਰਿਆਦਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ ਗਿਆ ਹੈ। ਕਿਸੇ ਵੀ ਤਰ੍ਹਾਂ ਬਿਗਾੜ ਕੇ ਪੇਸ਼ ਕੀਤੀ ਸਮੱਗਰੀ ਰਾਹੀਂ ਇਸ ਨੂੰ ਉਲਟ ਦਰਸਾਉਣ ਦੀ ਕੋਸ਼ਿਸ਼ ਨੀਅਤਨ ਗਲਤ ਅਤੇ ਬੇਈਮਾਨੀ ਹੈ।
ਮੈਂ ਦਰਸ਼ਕਾਂ ਨੂੰ ਅਪੀਲ ਕਰਦਾ ਹਾਂ ਕਿ ਸਿਰਫ਼ ਅਧਿਕਾਰਤ ਸਮੱਗਰੀ 'ਤੇ ਹੀ ਭਰੋਸਾ ਕਰੋ, ਫ਼ਿਲਮ ਨੂੰ ਉਸੇ ਰੂਪ ਵਿਚ ਦੇਖੋ ਜਿਵੇਂ ਇਸਨੂੰ ਬਣਾਇਆ ਗਿਆ ਹੈ ਅਤੇ ਆਰਟੀਫੀਸ਼ਲ ਇੰਟੈਲੀਜੈਂਸ'(AI) ਦੁਆਰਾ ਬਣਾਈ ਗਈ ਗਲਤ ਜਾਣਕਾਰੀ ਨੂੰ ਨਜ਼ਰ ਅੰਦਾਜ਼ ਕਰੋ, ਜੋ ਕਿਸੇ ਭੈੜੇ ਮਕਸਦ ਨਾਲ ਫੈਲਾਈ ਜਾ ਰਹੀ ਹੈ।
ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਇਸ ਤਰ੍ਹਾਂ ਦੀਆਂ ਗ਼ਲਤ ਕਾਰਗੁਜ਼ਾਰੀਆਂ ਨਾਲ ਸਖ਼ਤੀ ਨਾਲ ਨਾਲ ਪੇਸ਼ ਆਵਾਂਗੇ। ।
;
;
;
;
;
;
;
;