ਦੇਰ ਰਾਤ ਸਿਲੰਡਰ ਫੱਟਣ ਨਾਲ ਮਚੀ ਅਫਰਾ-ਤਫ਼ਰੀ, ਵਾਲ-ਵਾਲ ਬਚਿਆ ਪਰਿਵਾਰ
ਚੰਡੀਗੜ੍ਹ, 26 ਮਾਰਚ (ਕਪਿਲ ਵਧਵਾ)- ਚੰਡੀਗੜ੍ਹ ਦੇ ਮੌਲੀ ਜਾਗਰਾ ਇਲਾਕੇ ਵਿਚ ਬੁੱਧਵਾਰ ਦੇਰ ਰਾਤ ਗੈਸ ਸਿਲੰਡਰ ਫੱਟਣ ਦੀ ਇਕ ਗੰਭੀਰ ਘਟਨਾ ਸਾਹਮਣੇ ਆਈ ਹੈ, ਜਿਸ ਦੌਰਾਨ ਇਕ ਪਰਿਵਾਰ ਵਾਲ-ਵਾਲ ਬਚ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਕਰੀਬ 12:30 ਵਜੇ ਵਿਕਾਸ ਨਗਰ ਵਿਚ ਸਥਿਤ ਇਕ ਛੋਟੇ ਮਕਾਨ ਵਿਚ ਵਾਪਰਿਆ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਕਾਨ ਦੇ ਲੈਂਟਰ ਅਤੇ ਕੰਧਾਂ ਵਿਚ ਤਰੇੜਾਂ ਪੈ ਗਈਆਂ। ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਘਰ ਦੇ ਮਾਲਕ ਗਿਰੀਸ਼ ਕੁਮਾਰ ਨੇ ਦੱਸਿਆ ਕਿ ਧਮਾਕੇ ਸਮੇਂ ਪਰਿਵਾਰ ਦੇ ਮੈਂਬਰ ਘਰ ਦੇ ਦੂਜੇ ਹਿੱਸੇ ਵਿਚ ਮੌਜੂਦ ਸਨ। ਜਿਵੇਂ ਹੀ ਧਮਾਕਾ ਹੋਇਆ, ਉਹ ਤੁਰੰਤ ਸੁਚੇਤ ਹੋ ਗਏ ਅਤੇ ਫਟਾਫਟ ਘਰ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ।
ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਕਰਮਚਾਰੀਆਂ ਨੂੰ ਕਰੀਬ ਇਕ ਘੰਟੇ ਦੀ ਮੁਸ਼ਕਤ ਕਰਨੀ ਪਈ। ਅੱਗ ਲੱਗਣ ਕਾਰਨ ਘਰ ਦੇ ਅੰਦਰ ਸਮਾਨ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਕਾਨ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਪੁਲਿਸ ਅਤੇ ਫਾਇਰ ਵਿਭਾਗ ਵਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;
;