ਚੰਡੀਗੜ੍ਹ ਪ੍ਰਸ਼ਾਸਨ ਵਲੋਂ ਰੇਗੂਲਰ ਭਰਤੀ ਪ੍ਰਕਿਰਿਆ ਸ਼ੁਰੂ
ਚੰਡੀਗੜ੍ਹ, 1 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਪ੍ਰਸ਼ਾਸਨ ਨੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਦਿੰਦਿਆਂ ਰੈਗੁਲਰ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਸਭ ਤੋਂ ਪਹਿਲਾਂ 234 ਕਲਰਕ ਅਤੇ 23 ਸਟੇਨੋ ਟਾਈਪਿਸਟ ਅਸਾਮੀਆਂ ਨੂੰ ਭਰਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਸ਼ਾਸਨ ਵਲੋਂ ਜਾਰੀ ਜਾਣਕਾਰੀ ਮੁਤਾਬਕ 6 ਅਪ੍ਰੈਲ ਤੋਂ ਯੋਗ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੇ ਸਕਣਗੇ।
ਯੂ. ਟੀ. ਪ੍ਰਸ਼ਾਸਨ ਨੇ ਇਨ੍ਹਾਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਨੂੰ 4 ਤੋਂ 6 ਮਹੀਨਿਆਂ ਦੇ ਅੰਦਰ ਪੂਰਾ ਕਰਨ ਦਾ ਟੀਚਾ ਰੱਖਿਆ ਹੈ। ਸੈਂਟਰਲ ਸਰਵਿਸ ਰੂਲਜ਼ ਲਾਗੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇੰਨੀ ਵੱਡੀ ਗਿਣਤੀ 'ਚ ਕਲਰਕ ਅਤੇ ਸਟੇਨੋ ਟਾਈਪਿਸਟਾਂ ਦੀ ਰੈਗੁਲਰ ਭਰਤੀ ਕੀਤੀ ਜਾ ਰਹੀ ਹੈ, ਜਿਸ ਨਾਲ ਨੌਜਵਾਨਾਂ 'ਚ ਉਤਸ਼ਾਹ ਦੇਖਿਆ ਜਾ ਰਿਹਾ ਹੈ। ਭਰਤੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਲਈ ਆਨਲਾਈਨ ਸਿਸਟਮ ਤਿਆਰ ਕੀਤਾ ਗਿਆ ਹੈ। ਅਰਜ਼ੀ ਪ੍ਰਕਿਰਿਆ ਖਤਮ ਹੋਣ ਤੋਂ ਇੱਕ ਤੋਂ ਡੇਢ ਮਹੀਨੇ ਦੇ ਅੰਦਰ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ। ਲਿਖਤੀ ਪ੍ਰੀਖਿਆ 'ਚ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਦਾ ਟਾਈਪਿੰਗ ਟੈਸਟ ਅਤੇ ਸਟੇਨੋ ਟੈਸਟ ਵੀ ਲਿਆ ਜਾਵੇਗਾ। ਇਹ ਭਰਤੀ ਪ੍ਰਕਿਰਿਆ ਕਿਸੇ ਨਿਰਪੱਖ ਏਜੰਸੀ ਰਾਹੀਂ ਕਰਵਾਈ ਜਾਵੇਗੀ।
ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਵਲੋਂ ਕਰਮਚਾਰੀ ਵਿਭਾਗ ਨੂੰ ਖਾਲੀ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮੌਜੂਦਾ ਸਮੇਂ 'ਚ ਚੰਡੀਗੜ੍ਹ ਪ੍ਰਸ਼ਾਸਨ ਵਿਚ ਕਲਰਕ ਅਤੇ ਸਟੇਨੋ ਟਾਈਪਿਸਟਾਂ ਦੀਆਂ ਕਰੀਬ 1100 ਅਸਾਮੀਆਂ ਮਨਜ਼ੂਰਸ਼ੁਦਾ ਹਨ, ਜਿਨ੍ਹਾਂ ਵਿਚੋਂ ਲਗਭਗ 500 ਤੋਂ 600 ਅਸਾਮੀਆਂ ਖਾਲੀ ਪਈਆਂ ਹਨ। ਇਨ੍ਹਾਂ ਵਿਚੋਂ ਬਹੁਤੀਆਂ ਅਸਾਮੀਆਂ ‘ਤੇ ਕਾਂਟ੍ਰੈਕਟ ਜਾਂ ਆਊਟਸੋਰਸਿੰਗ ਰਾਹੀਂ ਭਰਤੀ ਕੀਤੀ ਗਈ ਹੈ।
ਇਨ੍ਹਾਂ ਅਸਾਮੀਆਂ ਲਈ ਚੰਡੀਗੜ੍ਹ ਦੇ ਨਾਲ ਨਾਲ ਦੇਸ਼ ਦੇ ਹੋਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਮੀਦਵਾਰ ਵੀ ਅਰਜ਼ੀ ਦੇ ਸਕਣਗੇ। ਭਰਤੀ ਨਾਲ ਸੰਬੰਧਿਤ ਸਾਰੀ ਜਾਣਕਾਰੀ ਪ੍ਰਸ਼ਾਸਨ ਦੀ ਅਧਿਕਾਰਕ ਵੈਬਸਾਈਟ ‘ਤੇ ਉਪਲਬਧ ਕਰਵਾਈ ਜਾਵੇਗੀ। ਇਹ ਭਰਤੀਆਂ ਕਾਮਨ ਕੈਡਰ ਰਿਕਰੂਟਮੈਂਟ ਰੂਲਜ਼ 2026 ਅਧੀਨ ਕੀਤੀਆਂ ਜਾਣਗੀਆਂ। ਪ੍ਰਸ਼ਾਸਨ ਵਲੋਂ ਪਿਛਲੇ ਲਗਭਗ ਦੋ ਸਾਲਾਂ ਤੋਂ ਰਿਕਰੂਟਮੈਂਟ ਰੂਲਜ਼ ਤਿਆਰ ਕੀਤੇ ਜਾ ਰਹੇ ਸਨ ਅਤੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਆਉਣ ਵਾਲੇ ਸਮੇਂ ਵਿਚ ਚੰਡੀਗੜ੍ਹ ਪੁਲਿਸ ਅਤੇ ਸਿੱਖਿਆ ਵਿਭਾਗ 'ਚ ਵੀ ਖਾਲੀ ਅਸਾਮੀਆਂ ਨੂੰ ਭਰਨ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਸਾਲ 2026 ਦੌਰਾਨ ਕਰੀਬ 2000 ਅਸਾਮੀਆਂ ‘ਤੇ ਰੇਗੁਲਰ ਭਰਤੀ ਕਰਨ ਦਾ ਟੀਚਾ ਰੱਖਿਆ ਗਿਆ ਹੈ।
234 ਕਲਰਕ ਅਤੇ 23 ਸਟੇਨੋ ਟਾਈਪਿਸਟ ਅਸਾਮੀਆਂ ਗਰੁੱਪ ‘ਸੀ’ ਅਧੀਨ ਭਰੀਆਂ ਜਾਣਗੀਆਂ। ਚੁਣੇ ਗਏ ਉਮੀਦਵਾਰਾਂ ਨੂੰ ਸ਼ੁਰੂਆਤੀ ਤਨਖਾਹ ਲਗਭਗ 50,000 ਰੁਪਏ ਮਿਲੇਗੀ ਅਤੇ ਅੱਠਵੇਂ ਵੇਤਨ ਕਮਿਸ਼ਨ ਦੇ ਲਾਗੂ ਹੋਣ ਨਾਲ ਇਸ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਪ੍ਰਸ਼ਾਸਨ 'ਚ ਨੌਕਰੀ ਨੂੰ ਲੈ ਕੇ ਦੇਸ਼ ਭਰ ਦੇ ਨੌਜਵਾਨਾਂ ਵਿਚ ਵੱਡਾ ਰੁਝਾਨ ਦੇਖਣ ਨੂੰ ਮਿਲਦਾ ਹੈ ਅਤੇ ਇਹ ਭਰਤੀ ਉਨ੍ਹਾਂ ਲਈ ਇੱਕ ਸੁਨਹਿਰਾ ਮੌਕਾ ਸਾਬਤ ਹੋਵੇਗੀ।
;
;
;
;
;
;
;
;