ਪੰਜਾਬ ਸਰਕਾਰ ਨੇ ਸੜਕਾਂ ਦੀ ਕਾਇਆ-ਕਲਪ ਕਰਕੇ ਖੋਲ੍ਹੇ ਤਰੱਕੀ ਦੇ ਰਾਹ : ਹਰਪਾਲ ਸਿੰਘ ਚੀਮਾ
ਸੰਗਰੂਰ, 5 ਅਪ੍ਰੈਲ ( ਧੀਰਜ ਪਿਸੌਰੀਆ)-ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਸੜਕਾਂ ਦਾ ਜਾਲ ਵਿਛਾ ਕੇ ਅਤੇ ਸੜਕਾਂ ਦੀ ਕਾਇਆ ਕਲਪ ਕਰ ਕੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉੱਤੇ ਮੁੜ ਲਿਆਂਦਾ ਗਿਆ ਹੈ। ਪੰਜਾਬ ਦਾ ਕੋਈ ਪਿੰਡ ਜਾਂ ਅਜਿਹਾ ਸ਼ਹਿਰ ਨਹੀਂ ਜਿਹੜਾ ਕਿ ਸੜਕੀ ਮਾਰਗ ਨਾਲ ਜੋੜਨ ਤੋਂ ਰਹਿ ਗਿਆ ਹੋਵੇ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਕਮਾਲਪੁਰ ਵਿਖੇ ਦਿੜ੍ਹਬਾ ਤੋਂ ਕਮਾਲਪੁਰ, ਦਿਆਲਗੜ੍ਹ ਤੋਂ ਕਮਾਲਪੁਰ ਅਤੇ ਕਮਾਲਪੁਰ ਤੋਂ ਬਘਰੌਲ ਤਕ ਕਰੀਬ 20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀ 18 ਫੁੱਟੀ ਸੜਕ ਦਾ ਕੰਮ ਸ਼ੁਰੂ ਕਰਾਉਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਭਗਵੰਤ ਸਿੰਘ ਮਾਨ ਦੁਆਰਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸਪਨਾ ਸੱਚ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਦੀ ਦੂਰਦਰਸ਼ੀ ਸੋਚ ਸਦਕਾ ਹਰ ਇਕ ਪਿੰਡ ਅਤੇ ਸ਼ਹਿਰ ਨੂੰ ਸੜਕੀ ਮਾਰਗ ਨਾਲ ਜੋੜਨ ਤੇ ਸੜਕਾਂ ਦੀ ਕਾਇਆ ਕਲਪ ਦਾ ਉਪਰਾਲਾ ਹੋ ਰਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿਹੜੀ ਸੜਕ ਦਾ ਅੱਜ ਕੰਮ ਸ਼ੁਰੂ ਕਰਵਾਇਆ ਹੈ, ਉਸ ਦਾ ਪਿਛਲੇ ਕਰੀਬ 15-16 ਸਾਲਾਂ ਤੋਂ ਪਿੰਡਾਂ ਦੇ ਲੋਕ ਬਣਨ ਦਾ ਇੰਤਜ਼ਾਰ ਕਰ ਰਹੇ ਸਨ। ਇਹ ਸੜਕ ਦਿਆਲਗੜ੍ਹ ਤੋਂ ਕਮਾਲਪੁਰ, ਦਿੜ੍ਹਬਾ ਤੋਂ ਕਮਾਲਪੁਰ ਅਤੇ ਕਮਾਲਪੁਰ ਤੋਂ ਬਘਰੌਲ ਤੱਕ ਬਣਾਈ ਜਾ ਰਹੀ ਹੈ, ਜਿਸ ਦੀ ਲੰਬਾਈ ਕਰੀਬ 31 ਕਿਲੋਮੀਟਰ ਹੈ ਅਤੇ ਇਹ ਸਾਰੀ ਸੜਕ 18 ਫੁੱਟ ਚੌੜੀ ਬਣਾਈ ਜਾ ਰਹੀ ਹੈ, ਜਿਸ 'ਤੇ ਕਰੀਬ 20 ਕਰੋੜ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਇਸ ਸੜਕ ਦੇ ਬਣਨ ਨਾਲ ਦਿੜ੍ਹਬਾ ਤੋਂ ਸਮਾਣਾ ਜਾਣ ਵਾਲੇ ਕਰੀਬ 15 ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ, ਇਸ ਨਾਲ ਲੋਕਾਂ ਦਾ ਪੈਸਾ ਵੀ ਬਚੇਗਾ ਤੇ ਸਮਾਂ ਵੀ ਬਚੇਗਾ। ਇਸ ਮੌਕੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ, ਐਸ.ਡੀ.ਓ. ਪੀ.ਡਬਲਯੂ.ਡੀ. ਦਲਜੀਤ ਸਿੰਘ, ਸਰਪੰਚ ਗੁਰਲਾਲ ਸਿੰਘ, ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਪਿੰਡਾਂ ਦੇ ਪੰਚ-ਸਰਪੰਚ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ।
;
;
;
;
;
;
;
;