ਕੇਂਦਰੀ ਹਵਾ ਗੁਣਵੱਤਾ ਮੈਨਜਮੈਂਟ ਵਲੋਂ ਸੂਬੇ ਦੇ ਲਹਿਰਾ ਮੁਹੱਬਤ ਤੇ ਤਲਵੰਡੀ ਸਾਬੋ ਪਾਵਰ ਪਲਾਂਟ ’ਤੇ ਲਾਇਆ ਕਰੋੜਾਂ ਦਾ ਜ਼ੁਰਮਾਨਾ
ਲਹਿਰਾ ਮੁਹੱਬਤ, 9 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)- ਕੇਂਦਰੀ ਹਵਾ ਗੁਣਵੱਤਾ ਮੈਨਜਮੈਂਟ ਵਲੋਂ ਦਿੱਲੀ ਦੇ 300 ਕਿਲੋਮੀਟਰ ਘੇਰੇ ਅੰਦਰ ਆਉਂਦੇ 6 ਪਾਵਰ ਪਲਾਂਟਾਂ ਸਮੇਤ ਪੰਜਾਬ ਦੇ ਸਰਕਾਰੀ ਖੇਤਰ ਦੇ ਗੁਰੁ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ (ਬਠਿੰਡਾ) ’ਤੇ ਨਿੱਜੀ ਖੇਤਰ ਦੇ ਵੇਦਾਂਤਾ ਗਰੁੱਪ ਦੇ ਤਲਵੰਡੀ ਸਾਬੋ ਨੂੰ ਬਾਇਓਮਾਸ ਕੋ ਫਾਇਰਿੰਗ ਨਿਯਮਾਂ ਦੀ ਪਾਲਣਾਂ ਨਾ ਕਰਨ ਲਈ 61.85 ਕਰੋੜ ਦਾ ਵਾਤਾਵਰਣ ਜ਼ੁਰਮਾਨਾ ਲਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੂਬੇ ਦੇ ਦੋਵੇਂ ਤਾਪ ਘਰਾਂ ਵਿਰੁੱਧ ਸਖ਼ਤ ਰੁਖ ਅਪਣਾਉਦਿਆਂ ਬਾਇਓਮਾਸ ਕੋ ਫਾਇਰਿੰਗ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਕੇਂਦਰੀ ਹਵਾ ਗੁਣਵੱਤਾ ਮੈਨਜਮੈਂਟ ਵਲੋਂ ਜ਼ੁਰਮਾਨਾ 15 ਅਪ੍ਰੈਲ 2026 ਤੱਕ ਲਾਇਆ ਗਿਆ ਹੈ।ਲਹਿਰਾ ਮੁਹੱਬਤ ਤਾਪ ਬਿਜਲੀ ਘਰ ਲਗਭਗ 920 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਕਰਦਾ ਹੈ ਤੇ ਤਲਵੰਡੀ ਸਾਬੋ ਪਾਵਰ ਪਲਾਂਟ 1980 ਮੈਗਾਵਾਟ ਬਿਜਲੀ ਉਤਪਾਦਨ ਵਿਚ ਹਿੱਸਾ ਪਾਉਂਦਾ ਹੈ। ਇਨ੍ਹਾਂ ਪਾਵਰ ਪਲਾਂਟਾਂ ਵਿਚ ਬਾਇਓਮਾਸ ਵਰਤਣੀ ਸ਼ੁਰੂ ਹੋ ਗਈ ਹੈ ਪਰ ਬਾਇਓਮਾਸ ਦੇ ਨਿਯਮਾਂ ਪ੍ਰਤੀ ਅਣਗਹਿਲੀ ਦੇ ਕਾਰਨਾਂ ਕਰਕੇ ਸਖ਼ਤੀ ਕਰਦਿਆਂ ਲਹਿਰਾ ਮੁਹੱਬਤ ਤਾਪ ਘਰ ਨੂੰ 4.87 ਕਰੋੜ ਤੇ ਤਲਵੰਡੀ ਸਾਬੋ ਨੂੰ 33.02 ਕਰੋੜ ਦਾ ਜੁਰਮਾਨਾ ਲਾਇਆ ਹੈ।ਕਮਿਸ਼ਨ ਨੇ ਇਨ੍ਹਾਂ ਪਾਵਰ ਪਲਾਂਟਾਂ ਨੂੰ ਜੁਰਮਾਨਾ ਰਕਮ ਜਮਾਂ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ ਹਨ ਜਦੋਂ ਕਮਿਸ਼ਨ ਵਲੋਂ ਲਾਏ ਇਸ ਜੁਰਮਾਨੇ ਬਾਰੇ ਪਤਾ ਕਰਨ ਲਈ ਤਾਪ ਘਰ ਲਹਿਰਾ ਮੁਹੱਬਤ ਦੇ ਚੀਫ਼ ਇੰਜਨੀਅਰ ਤੇਜ ਬਾਂਸਲ ਨਾਲ ਫੋਨ ਰਾਹੀਂ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਂ ਕਿਸੇ ਮੀਟਿੰਗ ਵਿਚ ਹਾਂ, ਬਾਅਦ ਵਿਚ ਗੱਲ ਕਰਦੇ ਹਾਂ।
;
;
;
;
;
;
;
;