ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਜੁੜੀ ਵਾਇਰਲ ਆਡੀਓ ਨੂੰ ਲੈ ਕੇ ਪੰਜਾਬ ਦੀ ਸਿਆਸਤ 'ਚ ਨਵਾਂ ਵਿਵਾਦ
ਚੰਡੀਗੜ੍ਹ, 10 ਅਪ੍ਰੈਲ (ਸੰਦੀਪ)- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਜੁੜੀ ਇਕ ਵਾਇਰਲ ਆਡੀਓ ਨੂੰ ਲੈ ਕੇ ਪੰਜਾਬ ਦੀ ਸਿਆਸਤ 'ਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਮੁਕੇਰੀਆਂ ਦੇ ਵਸਨੀਕ ਅਤੇ ਟਰਾਲੀਆਂ ਬਣਾਉਣ ਵਾਲੇ ਉਦਯੋਗਪਤੀ ਮਲਕੀਤ ਸਿੰਘ ਨੇ ਮੰਤਰੀ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਉਸ ਨੂੰ ਆਪਣੀ ਫੈਕਟਰੀ ਬੰਦ ਕਰਨ ਦੀ ਧਮਕੀ ਦਿੱਤੀ ਗਈ।
ਮਲਕੀਤ ਸਿੰਘ ਦੇ ਅਨੁਸਾਰ ਉਸ ਨੇ ਟਰਾਲੀਆਂ ਦੇ ਬਕਾਇਆ ਪੈਸੇ ਮੰਗੇ ਸਨ, ਜਿਸ ਤੋਂ ਬਾਅਦ ਮੰਤਰੀ ਮੁੰਡੀਆਂ ਨੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਮਲਕੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਤੋਂ ਬਾਅਦ ਉਸ ਦੀ ਫੈਕਟਰੀ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨੋਟਿਸ ਭੇਜਿਆ ਗਿਆ, ਜਿਸ ਨੂੰ ਉਹ ਦਬਾਅ ਦੀ ਕਾਰਵਾਈ ਕਰਾਰ ਦੇ ਰਿਹਾ ਹੈ।
ਪੀੜਤ ਨੇ ਹੋਰ ਦੋਸ਼ ਲਗਾਇਆ ਕਿ ਉਸ ਦੇ ਛੋਟੇ ਭਰਾ ਨਾਲ ਕੁੱਟਮਾਰ ਵੀ ਕੀਤੀ ਗਈ, ਪਰ ਇਸ ਸੰਬੰਧੀ ਪੁਲਿਸ ਵਲੋਂ ਕੋਈ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਸ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਜਤਾਈ ਹੈ।
ਇਸ ਮਾਮਲੇ ’ਚ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਪੀੜਤ ਪਰਿਵਾਰ ਦੇ ਹੱਕ ’ਚ ਆਵਾਜ਼ ਉਠਾਉਂਦੇ ਹੋਏ ਉਨ੍ਹਾਂ ਨੂੰ ਤੁਰੰਤ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਲਈ ਇਸ ਨੂੰ ਸੀ.ਬੀ.ਆਈ. ਹਵਾਲੇ ਕੀਤਾ ਜਾਣਾ ਚਾਹੀਦਾ ਹੈ।
ਇਸ ਦਰਮਿਆਨ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਮਾਮਲੇ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਇਕ ਪਾਸੇ ਸਰਕਾਰ ਬਾਹਰੋਂ ਉਦਯੋਗ ਲਿਆਉਣ ਦੀਆਂ ਗੱਲਾਂ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸੂਬੇ ਦੇ ਆਪਣੇ ਉਦਯੋਗਪਤੀਆਂ ਨੂੰ ਧਮਕਾ ਕੇ ਉਗਰਾਹੀ ਕਰਨ ਦੇ ਦੋਸ਼ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਵਿਚ ਉਦਯੋਗ ਚਲਾ ਕੇ ਹਜ਼ਾਰਾਂ ਨੂੰ ਰੁਜ਼ਗਾਰ ਦੇ ਰਹੇ ਹਨ, ਉਨ੍ਹਾਂ ਨੂੰ ਹੀ ਦਬਾਉਣਾ ਬਹੁਤ ਗੰਭੀਰ ਗੱਲ ਹੈ, ਜਿਸ ਨਾਲ ਨਵੇਂ ਨਿਵੇਸ਼ ’ਤੇ ਵੀ ਅਸਰ ਪਵੇਗਾ।
;
;
;
;
;
;
;
;