ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸੈਂਕੜੇ ਸਿੱਖ ਸ਼ਰਧਾਲੂ ਦਰਸ਼ਨਾਂ ਤੋਂ ਹੋਏ ਵਾਂਝੇ
ਅਟਾਰੀ ਸਰਹੱਦ, (ਅੰਮ੍ਰਿਤਸਰ) 10 ਅਪ੍ਰੈਲ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਰਾਵਲਪਿੰਡੀ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਅੱਜ ਭਾਰਤ ਤੋਂ ਗਏ ਹਜ਼ਾਰਾਂ ਸਿੱਖ ਸ਼ਰਧਾਲੂਆਂ ਵਿਚ ਚਾਹਤ ਰੱਖਣ ਵਾਲੇ ਸੈਂਕੜੇ ਸਿੱਖ ਸ਼ਰਧਾਲੂ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਤੋਂ ਵਾਂਝੇ ਰਹਿ ਗਏ ਹਨ, ਜੋ ਅੱਜ ਸਵੇਰੇ ਤੜਕੇ ਤੋਂ ਹੀ ਭਾਰਤ ਦੀ ਅਟਾਰੀ ਸਰਹੱਦ ਉਤੇ ਪਾਕਿਸਤਾਨ ਜਾਣ ਦੀ ਉਡੀਕ ਵਿਚ ਸਨ। ਭਾਰਤ ਸਰਕਾਰ ਵਲੋਂ ਇਨ੍ਹਾਂ ਸ਼ਰਧਾਲੂਆਂ ਨੂੰ ਪਾਕਿਸਤਾਨ ਦਾ ਵੀਜ਼ਾ ਲੱਗਣ ਦੇ ਬਾਵਜੂਦ ਵੀ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ I
ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਹੋ ਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਵਧੇਰੇ ਸਿੱਖ ਸ਼ਰਧਾਲੂ ਪੰਜਾਬ 1799 ਸੰਸਥਾ ਦੇ ਮੈਂਬਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਰਤ ਸਿੰਘ, ਚਮਕੌਰ ਸਾਹਿਬ, ਜਸਵੰਤ ਸਿੰਘ ਨਾਲਾਗੜ੍ਹ ਹਿਮਾਚਲ, ਸਵਰਨ ਸਿੰਘ, ਸੁਰਿੰਦਰ ਸਿੰਘ ਬੰਗਾ, ਜਸਵਿੰਦਰ ਸਿੰਘ ਕਾਮਾ, ਸਤਨਾਮ ਸਿੰਘ ਆਸਟਰੇਲੀਆ ਨੇ ਸਾਂਝੇ ਤੌਰ ਉਤੇ ਦੱਸਿਆ ਕਿ ਉਨ੍ਹਾਂ ਦੇ ਵੀਜ਼ੇ ਭਾਰਤ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦਿੱਲੀ ਵਿਖੇ ਪਰਮਜੀਤ ਸਿੰਘ ਜੱਜੇਆਣੀ ਵਲੋਂ ਲਗਾ ਕੇ ਦਿੱਤੇ ਗਏ ਸਨ ਤੇ ਉਹ ਅੱਜ ਪਾਕਿਸਤਾਨ ਜਾਣ ਦੀ ਤਾਂਘ ਵਿਚ ਅਟਾਰੀ ਸਰਹੱਦ ਉਤੇ ਪੁੱਜੇ ਸਨ, ਜਿਥੇ ਕਿ ਸਰਹੱਦ ਦੇ ਬਾਹਰ ਬੈਠੇ ਭਾਰਤੀ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਪਾਸਪੋਰਟ ਉਤੇ ਲੱਗੇ ਵੀਜ਼ੇ ਚੈੱਕ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਦੀ ਭਾਰਤ ਸਰਕਾਰ ਵਲੋਂ ਕੋਈ ਪਰਮਿਸ਼ਨ ਨਾ ਹੋਣ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਨਹੀਂ ਭੇਜਿਆ ਜਾ ਸਕਦਾ। ਇਨ੍ਹਾਂ ਸ਼ਰਧਾਲੂਆਂ ਨੇ ਇਹ ਵੀ ਕਿਹਾ ਕਿ ਉਹ ਪਿਛਲੇ ਸਾਲ ਵੀ ਇਸੇ ਤਰ੍ਹਾਂ ਹੀ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਕਰਨ ਲਈ ਜ਼ਲੀਲ ਹੁੰਦੇ ਹੋਏ ਦੋ ਦਿਨ ਅਟਾਰੀ ਸਰਹੱਦ ਉਤੇ ਧਰਨਾ ਲਗਾ ਕੇ ਬੈਠੇ ਰਹੇ ਸਨ ਪਰ ਉਸ ਸਮੇਂ ਵੀ ਉਨ੍ਹਾਂ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਪਾਕਿਸਤਾਨ ਨਹੀਂ ਜਾਣ ਦਿੱਤਾ ਗਿਆ।
;
;
;
;
;
;
;
;