JALANDHAR WEATHER

ਬਾਗਬਾਨੀ ਹੇਠ ਰਕਬਾ ਵਧਾਉਣ ਲਈ ਪੰਜਾਬ ਸਰਕਾਰ ਯਤਨਸ਼ੀਲ- ਗੁਰਮੀਤ ਸਿੰਘ ਖੁੱਡੀਆਂ

ਸ੍ਰੀ ਮੁਕਤਸਰ ਸਾਹਿਬ 2 ਮਈ (ਰਣਜੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਬਾਗਬਾਨੀ ਹੇਠ ਰਕਬਾ ਵਧਾਉਣ ਲਈ ਯਤਨਸ਼ੀਲ ਹੈ। 16 ਫੀਸਦੀ ਰਕਬੇ ਨੂੰ ਬਾਗਬਾਨੀ ਹੇਠ ਲਿਜਾਣ ਲਈ ਯਤਨ ਜਾਰੀ ਹਨ। ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋਵੇਗੀ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਭੁੱਲਰ ਵਿਖੇ ਜਗਰੂਪ ਸਿੰਘ ਭੁੱਲਰ ਦੇ ਗ੍ਰਹਿ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਤੋਂ ਪਹਿਲਾਂ ਸ: ਖੁੱਡੀਆਂ ਸ੍ਰੀ ਮੁਕਤਸਰ ਸਾਹਿਬ ਵਿਖੇ ਕਿਸਾਨ ਸਿਖਲਾਈ ਕੈਂਪ ਦੇ ਸਮਾਗਮ ਵਿੱਚ ਸ਼ਾਮਿਲ ਹੋਏ।

ਉਨ੍ਹਾਂ ਕਿਹਾ ਕਿ ਬਾਗਬਾਨੀ ਸਬੰਧੀ ਜਪਾਨ ਦੀ ਕੰਪਨੀ ਨਾਲ ਸਾਂਝ ਪਾ ਕੇ ਕਾਸ਼ਤਕਾਰਾਂ ਨੂੰ ਲਾਭ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਾਢੇ 17 ਹਜ਼ਾਰ ਹੈਕਟੇਅਰ ਰਕਬੇ ਵਿੱਚ ਮੱਕੀ ਦੀ ਬਿਜਾਈ ਲਈ ਵੱਖਰੇ ਤੌਰ ਤੇ ਫੰਡ ਰੱਖਿਆ ਗਿਆ ਹੈ। ਪੰਜਾਬ ਸਰਕਾਰ ਨਹਿਰੀ ਪਾਣੀ ਦੇ ਨਵੀਨੀਕਰਨ ਨੂੰ ਤਰਜੀਹ ਦੇ ਰਹੀ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬਜਾਏ ਵੱਧ ਤੋਂ ਵੱਧ ਕਿਸਾਨਾਂ ਨੂੰ ਖੇਤਾਂ ਲਈ ਨਹਿਰੀ ਪਾਣੀ ਦਿੱਤਾ ਜਾ ਸਕੇ। ਇਸ ਅਧੀਨ ਖਾਲੇ ਵੀ ਪੱਕੇ ਕੀਤੇ ਗਏ ਹਨ ਪਾਈਪਾਂ ਪਾਉਣ ਤੋਂ ਇਲਾਵਾ ਹੋਰ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਝੋਨੇ ਅਤੇ ਕਣਕ ਦੀ ਪੈਦਾਵਾਰ ਕਰਕੇ ਹਿੰਦੁਸਤਾਨ ਲਈ ਪੰਜਾਬ ਵੱਡਾ ਯੋਗਦਾਨ ਪਾਉਂਦਾ ਹੈ। ਖਾਦਾਂ ਦੀ ਕਮੀ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋੜੀਂਦੇ ਸਟਾਕ ਲਈ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਹੈ, ਪਰ ਕਿਸਾਨ ਅੰਦੋਲਨ ਤੋਂ ਮਗਰੋਂ ਪੰਜਾਬ ਦੇ ਨਾਲ ਖਾਰ ਜਰੂਰ ਰੱਖਦੇ ਹਨ, ਜਿਸ ਕਰਕੇ ਹਰ ਕੰਮ ਵਿੱਚ ਦੇਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਖਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ਤੇਜੀ ਨਾਲ ਹੋ ਰਹੀ ਹੈ, ਜਦੋਂ ਕਣਕ ਦੀ ਚੁਕਾਈ ਦੇ ਢਿੱਲੇ ਪ੍ਰਬੰਧਾਂ ਬਾਰੇ ਪੁੱਛਿਆ ਤਾਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੰਡੀ ਵਿੱਚੋਂ ਕਣਕ ਚੁਕਵਾਉਣ ਲਈ ਸਾਰੇ ਕਾਹਲ ਕਰਦੇ ਹਨ, ਪਰ ਵਾਰੀ ਨਾਲ ਚੁਕਾਈ ਦਾ ਕੰਮ ਚੱਲ ਰਿਹਾ ਹੈ ਅਤੇ ਜਲਦੀ ਮੁਕੰਮਲ ਹੋ ਜਾਵੇਗਾ।

ਇਸ ਮੌਕੇ ਬਲਰਾਜ ਸਿੰਘ ਭੁੱਲਰ, ਹਰਮੇਸ਼ ਸਿੰਘ ਭੁੱਲਰ, ਮਾਰਕੀਟ ਕਮੇਟੀ ਮਲੋਟ ਦੇ ਚੇਅਰਮੈਨ ਜਸ਼ਨਦੀਪ ਸਿੰਘ ਬਰਾੜ, ਗੁਰਬਾਜ ਸਿੰਘ ਵਣਵਾਲਾ, ਸਾਬਕਾ ਚੇਅਰਮੈਨ ਹਰਦੀਪ ਸਿੰਘ ਸੱਕਾਂਵਾਲੀ, ਬਿਕਰਮਬਾਜ ਸਿੰਘ ਬਰਾੜ, ਗੁਰਬਾਜ ਸਿੰਘ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ