JALANDHAR WEATHER

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਦੁਬਈ ਵਿਚ ਭਾਰਤੀ ਐਬੰਸੀ ਨੇ ਕੰਪਨੀ ਦੀ ਚੁੰਗਲ ‘ਚ ਛੁਡਵਾਇਆ ਪੰਜਾਬੀ ਨੌਜਵਾਨ

 ਸੁਲਤਾਨਪੁਰ ਲੋਧੀ, 19 ਮਈ(ਥਿੰਦ) ਰਾਜ਼ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਦੁਬਈ ਵਿਚ ਭਾਰਤੀ ਐਬੰਸੀ ਨੇ ਕੰਪਨੀ ਦੀ ਚੁੰਗਲ ‘ਚ ਫਸੇ ਪੰਜਾਬੀ ਨੌਜਵਾਨ ਨੂੰ ਛੁਡਵਾਇਆ ਹੈ।ਪੰਜ ਮਹੀਨਿਆਂ ਬਾਅਦ ਦੁਬਈ ਤੋਂ ਪਰਤੇ ਲਵਪ੍ਰੀਤ ਸਿੰਘ ਨੇ ਅੱਜ ਸੁਲਤਾਨਪੁਰ ਲੋਧੀ ਆ ਕੇ ਨਿਰਮਲ ਕੁਟੀਆ ‘ਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਧੰਨਵਾਦ ਕੀਤਾ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅਰਬ ਦੇਸ਼ਾਂ ਨੂੰ ਲੇਬਰ ਭੇਜਣ ਵਾਲੇ ਇਕ ਨਾਮੀ ਟ੍ਰੈਵਲ ਏਜੰਟ ਨੇ ਉਸ ਨਾਲ ਠੱਗ ਮਾਰੀ। ਦੋ ਮਹੀਨੇ ਦਾ ਟੂਰਸਿਟ ਵੀਜ਼ਾ ਲਗਵਾ ਕੇ ਉਸ ਨੂੰ ਇਕ ਕੰਪਨੀ ਵਿਚ ਕੰਮ ਕਰਨ ਲਈ ਭੇਜ ਦਿੱਤਾ। ਲਵਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਸ ਨਾਲ ਇਹ ਵਾਅਦਾ ਕੀਤਾ ਗਿਆ ਸੀ ਉਸ ਨੂੰ ਪੈਕਿੰਗ ਦੇ ਸੁਖਾਲੇ ਕੰਮ ਵਿਚ ਭੇਜਿਆ ਜਾਵੇਗਾ, ਪਰ ਉਥੇ ਉਸ ਨੂੰ ਇਕ ਸਟੀਲ ਦੀ ਕੰਪਨੀ ਵਿਚ ਭੇਜ ਦਿੱਤਾ ਗਿਆ।ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨਾਲ ਤਨਖਾਹ ਵਜੋਂ 1300 ਦਰਾਮ ਪ੍ਰਤੀ ਮਹੀਨਾ ਦੇਣਾ ਤੈਅ ਹੋਇਆ ਸੀ ਜੋ ਭਾਰਤੀ ਕਰੰਸੀ ਵਿਚ 33000 ਦੇ ਕਰੀਬ ਬਣਦੀ ਹੈ।ਚਾਰ ਮਹੀਨੇ ਕੰਮ ਕਰਵਾੳੇਣ ਦੇ ਬਾਵਜੂਦ ਉਸ ਨੂੰ ਤਨਖਾਹ ਨਹੀਂ ਦਿੱਤੀ ਗਈ ਤੇ ਬੀਮਾਰ ਹੋਣ ‘ਤੇ ਇਲਾਜ ਨਹੀਂ ਕਰਵਾਇਆ ਗਿਆ।ਉਥੇ ਉਸ ਦੀ ਹਾਲਤ ਖ਼ਰਾਬ ਹੋਣ ਲੱਗ ਪਈ ਤੇ ਮਾਪੇ ਚਿੰਤਤ ਹੋ ਗਏ।ਇਸ ਮੌਕੇ ਲਵਪ੍ਰੀਤ ਦੀ ਮਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ 06 ਅਪ੍ਰੈਲ ਨੂੰ ਪਹੁੰਚ ਕਰਕੇ ਆਪਣੇ ਇਕਲੌਤੇ ਪੁੱਤਰ ਲਵਪ੍ਰੀਤ ਸਿੰਘ ਨੂੰ ਵਾਪਸ ਮੰਗਵਾਉਣ ਲਈ ਬਿਨੈ ਪੱਤਰ ਦਿੱਤਾ ਸੀ। ਲਵਪ੍ਰੀਤ ਦੀ ਮਾਤਾ ਨੇ ਦੋਸ਼ ਲਾਇਆ ਕਿ ਤਨਖਾਹ ਮੰਗਣ ‘ਤੇ ਉਸ ਨੂੰ ਕੰਪਨੀ ਦੇ ਕਾਰਿੰਦੇ ਡਰਾਉਂਦੇ ਧਮਕਾਉਂਦੇ ਸਨ। ਉਸ ਨੇ ਦੱਸਿਆ ਕਿ ਉਨ੍ਹਾਂ ਨਵੇਂ ਸਾਲ ਨਵੀਆਂ ਉਮੀਦਾਂ ਨਾਲ ਆਪਣੇ ਲੜਕੇ ਨੂੰ ਵਿਦੇਸ਼ ਭੇਜਿਆ ਸੀ।ਇਸ ਮੌਕੇ ਗੱਲਬਾਤ ਕਰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬੀ ਨੌਜਵਾਨ ਲਵਪ੍ਰੀਤ ਸਿੰਘ ਨੂੰ ਵਾਪਸ ਮੰਗਵਾਉਣ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ, ਜਿਸ ‘ਤੇ ਕਾਰਵਾਈ ਕਰਦਿਆ 13 ਮਈ ਲਵਪ੍ਰੀਤ ਸਿੰਘ ਨੂੰ ਵਾਪਸ ਭੇਜ ਦਿੱਤਾ ਸੀ। ਸੰਤ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਢੰਗ ਨਾਲ ਵਿਦੇਸ਼ ਜਾਣ। ਉਨ੍ਹਾਂ ਵਿਦੇਸ਼ ਮੰਤਰਾਲੇ ਦਾ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਪਹਿਲ ਕਦਮੀ ਕਰਦਿਆ ਲਵਪ੍ਰੀਤ ਨੂੰ ਭਾਰਤ ਭੇਜਣ ਵਿਚ ਮੱਦਦ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ