ਫਗਵਾੜਾ ’ਚ ਦਹਿਸ਼ਤ, ਦਿਨ ਦਿਹਾੜੇ ਹਥਿਆਰਾਂ ਦੇ ਸਾਏ ਹੇਠ ਕਰੋੜਾਂ ਰੁਪਏ ਦੀ ਜਾਇਦਾਦ ’ਤੇ ਕਬਜ਼ਾ
ਫਗਵਾੜਾ, 23 ਮਈ (ਹਰਜੋਤ ਸਿੰਘ ਚਾਨਾ) - ਫਗਵਾੜਾ ਦੇ ਬੰਗਾ ਰੋਡ ਇਲਾਕੇ ’ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਹਥਿਆਰਬੰਦ ਵਿਅਕਤੀਆਂ ਦੇ ਇਕ ਗਰੁੱਪ ਵਲੋਂ ਸ਼ਮਸ਼ਾਨ ਘਾਟ ਨੇੜੇ ਸਥਿਤ ਇਕ ਵਪਾਰਕ ਕਮ ਰਿਹਾਇਸ਼ੀ ਜਾਇਦਾਦ ’ਤੇ ਦਿਨ ਦਿਹਾੜੇ ਕਥਿਤ ਤੌਰ ’ਤੇ ਜ਼ਬਰਦਸਤੀ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ। ਸਥਾਨਕ ਲੋਕਾਂ ਮੁਤਾਬਕ ਇਹ ਘਟਨਾ ਸ਼ਹਿਰ ਦੇ ਇਤਿਹਾਸ ’ਚ ਬੇਮਿਸਾਲ ਦੱਸੀ ਜਾ ਰਹੀ ਹੈ।
ਮੌਕੇ ’ਤੇ ਮੌਜੂਦ ਗਵਾਹਾ ਤੇ ਨੇੜਲੇ ਦੁਕਾਨਦਾਰਾਂ ਅਨੁਸਾਰ ਕੁਝ ਨੌਜਵਾਨ ਵਾਹਨਾਂ ’ਚ ਸਵਾਰ ਹੋ ਕੇ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਆਪਣੇ ਚਿਹਰੇ ਕਾਲੇ ਕੱਪੜਿਆਂ ਨਾਲ ਢੱਕੇ ਹੋਏ ਸਨ। ਦੋਸ਼ ਹੈ ਕਿ ਉਨ੍ਹਾਂ ਨੇ ਦੁਕਾਨਾਂ ਤੇ ਮਕਾਨ ਦੇ ਤਾਲੇ ਤੋੜ ਕੇ ਜ਼ਬਰਦਸਤੀ ਕਬਜ਼ਾ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜਾਇਦਾਦ ਕਰੋੜਾਂ ਰੁਪਏ ਦੀ ਹੈ।ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਹਥਿਆਰਬੰਦ ਨੌਜਵਾਨ ਕਾਫ਼ੀ ਸਮੇਂ ਤੱਕ ਜਾਇਦਾਦ ਤੇ ਆਸ ਪਾਸ ਦੀ ਸੜਕ ’ਤੇ ਡਟੇ ਰਹੇ ਤੇ ਲੋਕਾਂ ਨੂੰ ਵੀਡੀਉ ਜਾਂ ਫ਼ੋਟੋ ਬਣਾਉਣ ਤੋਂ ਰੋਕਦੇ ਰਹੇ। ਇਲਾਕੇ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਹਥਿਆਰਾਂ ਦੀ ਨੁਮਾਇਸ਼ ਕਰਕੇ ਇਲਾਕੇ ’ਚ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ।ਲੋਕਾਂ ਨੇ ਦੋਸ਼ ਲਗਾਇਆ ਕਿ ਕਬਜ਼ੇ ’ਚ ਸ਼ਾਮਿਲ ਕੁੱਝ ਲੋਕ ਮੌਕੇ ’ਤੇ ਸ਼ਰਾਬ ਪੀਂਦੇ ਵੀ ਦੇਖੇ ਗਏ। ਇਸ ਘਟਨਾ ਤੋਂ ਬਾਅਦ ਨੇੜਲੇ ਦੁਕਾਨਦਾਰ ਅਤੇ ਉਨ੍ਹਾਂ ਦੇ ਪਰਿਵਾਰਾਂ ’ਚ ਡਰ ਦੇਖਣ ਨੂੰ ਮਿਲਿਆ ਤੇ ਕਈ ਵਪਾਰੀਆਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਘਰ ਵਾਪਸ ਬੁਲਾ ਲਿਆ।
ਇਸ ਮਾਮਲੇ ਨੇ ਇਲਾਕੇ ’ਚ ਕਾਨੂੰਨ ਵਿਵਸਥਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਵਪਾਰੀਆਂ ਨੇ ਸਵਾਲ ਕੀਤਾ ਕਿ ਜੇਕਰ ਖੁੱਲ੍ਹੇਆਮ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਤਾਂ ਆਮ ਲੋਕ ਤੇ ਕਾਰੋਬਾਰੀ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ।ਸਥਾਨਕ ਲੋਕਾਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਤੇ ਦੋਸ਼ੀਆਂ ਨੂੰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਮਾਮਲਿਆਂ ’ਤੇ ਤੁਰੰਤ ਤੇ ਕੜੀ ਕਾਰਵਾਈ ਨਾ ਹੋਈ ਤਾਂ ਇਸ ਨਾਲ ਜ਼ਬਰਦਸਤੀ ਕਬਜ਼ੇ, ਵਸੂਲੀ ਤੇ ਗੰਭੀਰ ਅਪਰਾਧ ਵਰਗੀਆਂ ਘਟਨਾਵਾਂ ਨੂੰ ਹੋਰ ਹੌਸਲਾ ਮਿਲ ਸਕਦਾ ਹੈ। ਕਈ ਸਥਾਨਕ ਵਸਨੀਕਾਂ ਨੇ ਡਰ ਕਾਰਨ ਖੁੱਲ੍ਹ ਕੇ ਬੋਲਣ ਤੋਂ ਇਨਕਾਰ ਕੀਤਾ। ਐਸਐਚਓ ਸਿਟੀ ਅਮਨਪ੍ਰੀਤ ਕੌਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਸ ਸੰਬੰਧੀ ਪੁਲੀਸ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
;
;
;
;
;
;
;
;