ਡੇਰਾਬੱਸੀ ਦੇ ਵਿਧਾਇਕ ਕੁਲਜੀਤ ਰੰਧਾਵਾ ਦਾ ਪੁਤਲਾ ਫੂਕਿਆ
ਡੇਰਾਬੱਸੀ, 25 ਮਈ (ਰਣਬੀਰ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਲਾਲੜੂ ਦੇ ਦੱਪਰ ਟੋਲ ਪਲਾਜ਼ਾ ਵਿਖੇ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਪੁਤਲਾ ਫੂਕਿਆ ਗਿਆ। ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਹੋਰ ਜਥੇਬੰਦੀਆਂ ਵਲੋਂ ਵਿਧਾਇਕ ਨੂੰ ਜਨਤਕ ਮੁਆਫ਼ੀ ਲਈ ਦਿੱਤਾ 24 ਘੰਟਿਆਂ ਦਾ ਅਲਟੀਮੇਟਮ ਪੂਰਾ ਹੋਣ ਮਗਰੋਂ ਕਿਸਾਨਾਂ ਨੇ ਇਹ ਤਿੱਖਾ ਐਕਸ਼ਨ ਲਿਆ ਹੈ। ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਅਮਲਾਲਾ ਅਤੇ ਗੁਰਵਿੰਦਰ ਸਿੰਘ ਚੌਂਦਹੇੜੀ ਦੀ ਅਗਵਾਈ ਹੇਠ ਇਕੱਠੇ ਹੋਏ ਸੈਂਕੜੇ ਕਿਸਾਨਾਂ ਨੇ ਵਿਧਾਇਕ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਐਸ.ਡੀ.ਐਮ. ਦਫ਼ਤਰ ਨੇੜੇ ਇਕ ਇਕੱਠ ਵਿਚ ਵਿਧਾਇਕ ਰੰਧਾਵਾ ਨੇ ਕਿਸਾਨ ਲੀਡਰਾਂ ਪ੍ਰਤੀ ਬੇਹੱਦ ਭੱਦੀ ਸ਼ਬਦਾਵਲੀ ਵਰਤਦਿਆਂ ਕਿਹਾ ਸੀ ਕਿ ਇਨ੍ਹਾਂ ਦਾ ਖ਼ਰਚਾ-ਪਾਣੀ ਯੂਨੀਅਨਾਂ ਸਿਰ ਚੱਲਦਾ ਹੈ ਅਤੇ ਲਾਂਭੇ ਹੋਣ 'ਤੇ ਇਨ੍ਹਾਂ ਦੇ ਘਰਾਂ ਵਿਚ ਚੂਹੇ ਕੁੱਦਣਗੇ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅੰਨਦਾਤੇ ਦਾ ਇਹ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਵਿਧਾਇਕ ਨੇ 28 ਮਈ ਤੱਕ ਜਨਤਕ ਤੌਰ 'ਤੇ ਮੁਆਫ਼ੀ ਨਾ ਮੰਗੀ, ਤਾਂ 28 ਮਈ ਨੂੰ ਡੇਰਾਬੱਸੀ ਬੱਸ ਸਟੈਂਡ 'ਤੇ ਵਿਸ਼ਾਲ ਇਕੱਠ ਕਰਕੇ ਉਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਰਣਜੀਤ ਸਿੰਘ ਰਾਣਾ, ਵਿਨੋਦ ਚੁੱਗ, ਬਲਜੀਤ ਸਿੰਘ ਭਾਊ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
;
;
;
;
;
;
;