JALANDHAR WEATHER

ਡਿਊਟੀ ਤੇ ਅਸਾਮ ਗਿਆ ਫੌਜੀ ਜਵਾਨ ਭੇਦ ਭਰੇ ਹਾਲਾਤਾਂ ਵਿਚ ਹੋਇਆ ਗੁਮਸ਼ੁਦਾ

ਗੁਰਦਾਸਪੁਰ 26 ਮਈ, (ਰੋਹਿਤ ਗੁਪਤਾ)- ਗੁਰਦਾਸਪੁਰ ਦੇ ਪਿੰਡ ਦਾਖਲਾ ਦਾ ਰਹਿਣ ਵਾਲਾ 27 ਸਾਲਾ ਫੌਜੀ ਜਵਾਨ ਜਸਵਿੰਦਰ ਕੁਮਾਰ 17 ਮਈ ਤੋਂ ਭੇਦ ਭਰੇ ਹਾਲਾਤਾਂ ਵਿੱਚ ਗਾਇਬ ਹੈ । ਜਸਵਿੰਦਰ ਅੰਮ੍ਰਿਤਸਰ ਤੋਂ ਟ੍ਰੇਨ ਤੇ ਬੈਠਾ ਸੀ ਅਤੇ ਅਸਾਮ ਦੇ ਦਿਬੜੂਗੜ ਲਈ ਰਵਾਨਾ ਹੋਇਆ ਸੀ। ਉਸਦੀ ਯੂਨਿਟ ਡੋਗਰਾ ਰੈਜੀਮੈਂਟ ਨੂੰ ਜਾਣਕਾਰੀ ਮਿਲੀ ਹੈ ਕਿ ਆਖਰੀ ਵਾਰ ਉਹ ਦਿਬੜੂਗੜ ਰੇਲਵੇ ਸਟੇਸ਼ਨ ਤੇ ਹੀ ਦੇਖਿਆ ਗਿਆ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਚੱਲ ਰਿਹਾ। ਯੂਨਿਟ ਦੇ ਮੈਂਬਰ ਉਸਨੂੰ ਲੱਭਣ ਲਈ ਉਸ ਦੇ ਘਰ ਪਿੰਡ ਦਾਖਲਾ ਵਿਖੇ ਵੀ ਪਹੁੰਚੇ ਸਨ ਅਤੇ ਉਸ ਬਾਰੇ ਪੁੱਛ ਗਿੱਛ ਕਰਕੇ ਚਲੇ ਗਏ ।

ਇਧਰ ਉਸਦਾ ਪਰਿਵਾਰ ਸ਼ੱਕ ਜਤਾ ਰਿਹਾ ਹੈ ਕਿ ਜਸਵਿੰਦਰ ਦਾ ਕਿਸੇ ਵੱਲੋਂ ਅਪਹਰਨ ਕਰ ਲਿਆ ਗਿਆ ਹੈ ਕਿਉਂਕਿ ਉਸ ਦਾ ਫੋਨ ਇੱਕ ਦਿਨ 23 ਮਈ ਨੂੰ ਚਲਿਆ ਸੀ ਪਰ ਉਸ ਤੇ ਕੋਈ ਅਸਮ ਦਾ ਹੀ ਆਦਮੀ ਬੋਲ ਰਿਹਾ ਸੀ। ਜਾਹਰ ਤੌਰ ਤੇ ਜਸਵਿੰਦਰ ਦਾ ਫੋਨ ਕਿਸੇ ਹੋਰ ਦੇ ਹੱਥ ਲੱਗ ਚੁੱਕਿਆ ਹੈ ਅਤੇ ਹੁਣ ਉਹ ਬੰਦ ਆ ਰਿਹਾ ਹੈ। ਜਸਵਿੰਦਰ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸਦੀ ਮਾਂ ਰੋ ਰੋ ਕੇ ਗੁਹਾਰ ਲਗਾ ਰਹੀ ਹੈ ਕਿ ਉਸਦੇ ਪੁੱਤਰ ਦੀ ਭਾਲ ਕੀਤੀ ਜਾਵੇ । ਜਸਵਿੰਦਰ ਦੀ ਮਾਂ ਦਾ ਕਹਿਣਾ ਹੈ ਕਿ ਉਸਦੀ ਆਖਰੀ ਵਾਰ ਜਸਵਿੰਦਰ ਨਾਲ ਉਸ ਵੇਲੇ ਗੱਲ ਹੋਈ ਜਦੋਂ ਦਿੱਲੀ ਪਹੁੰਚ ਗਿਆ ਸੀ । ਉਸ ਵੇਲੇ ਉਹ ਬਿਲਕੁਲ ਸਹੀ ਸਲਾਮਤ ਸੀ ਅਤੇ ਬਾਅਦ ਵਿੱਚ ਪਤਾ ਲੱਗਿਆ ਸੀ ਉਹ ਦਿਬੜੂਗੜ ਵੀ ਪਹੁੰਚ ਗਿਆ ਹੈ।

ਪਰ ਉਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਚੱਲਿਆ ਅਤੇ ਉਸਦਾ ਫੋਨ ਵੀ ਬੰਦ ਹੋ ਗਿਆ। 21 ਮਈ ਨੂੰ ਉਸ ਦਾ ਫੋਨ ਫਿਰ ਤੋਂ ਚਲਿਆ ਤੇ ਉਸਦੇ ਚਾਚਾ ਦੀ ਇਸ ਫੋਨ ਤੇ ਗੱਲ ਹੋਈ ਸੀ ਪਰ ਫੋਨ ਅਸਮ ਦੇਹੀ ਕਿਸੇ ਬੰਦੇ ਦੇ ਹੱਥ ਲੱਗ ਚੁੱਕਿਆ ਸੀ ਅਤੇ ਜਿਸ ਕੋਲ ਉਸ ਵੇਲੇ ਫੋਨ ਸੀ ਉਸ ਦਾ ਕਹਿਣਾ ਸੀ ਕਿ ਉਸਨੂੰ ਇਹ ਸਿਮ ਕਿਤੋਂ ਲੱਭੀ ਹੈ। ਉਸ ਤੋਂ ਬਾਅਦ ਮੁੜ ਤੋਂ ਫੋਨ ਬੰਦ ਹੋ ਗਿਆ ਇਸ ਕਾਰਨ ਉਹਨਾਂ ਨੂੰ ਸ਼ੱਕ ਪੈਂਦਾ ਹੈ ਕਿ ਜਸਵਿੰਦਰ ਦਾ ਅਸਮ ਦੇ ਕਿਸੇ ਅਪਰਾਧਕ ਗਿਰੋਹ ਵੱਲੋਂ ਅਪਹਰਨ ਕਰ ਲਿਆ ਗਿਆ ਹੈ। ਹਾਲਾਂਕਿ ਪਰਿਵਾਰ ਨੂੰ ਇਹ ਵੀ ਪਤਾ ਹੈ ਕਿ ਉਸਦੀ ਯੂਨਿਟ ਉਸ ਨੂੰ ਲੱਭਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਪਰਿਵਾਰ ਦੀ ਮੰਗ ਹੈ ਕਿ ਇਸ ਕੰਮ ਵਿੱਚ ਤੇਜ਼ੀ ਲਿਆਂਦੀ ਜਾਏ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ